ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਜਨਵਰੀ
ਔਡ-ਈਵਨ ਦੇ ਖ਼ਿਲਾਫ਼ ਸਦਰ ਬਾਜ਼ਾਰ ਦੇ ਵਪਾਰੀ ਫੈਡਰੇਸ਼ਨ ਦੇ ਉਪ ਚੇਅਰਮੈਨ ਪਰਮਜੀਤ ਸਿੰਘ ਪੰਮਾ ਦੀ ਪ੍ਰਧਾਨਗੀ ਹੇਠ ਕੁਤੁਬ ਰੋਡ ਚੌਕ ਵਿੱਚ ਵਪਾਰੀ ਵੱਲੋਂ ਥਾਲੀਆਂ ਖੜਕਾ ਕੇ ਔਡ-ਈਵਨ ਫਾਰਮੂਲੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਅਤੇ ਦਿੱਲੀ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਔਡ-ਈਵਨ ਅਤੇ 2 ਦਿਨ ਦੇ ਹਫ਼ਤਾਵਾਰੀ ਕਰਫਿਊ ਨੂੰ ਖਤਮ ਕੀਤਾ ਜਾਵੇ ਤੇ ਪੂਰੇ ਬਾਜ਼ਾਰ ਖੋਲ੍ਹੇ ਜਾਣ।
ਵਪਾਰੀਆਂ ਨੇ ਮੋਢਿਆਂ ਉਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਦਿੱਲੀ ਸਰਕਾਰ ਪ੍ਰਤੀ ਵਿਰੋਧ ਪ੍ਰਗਟਾਇਆ। ਉਨ੍ਹਾਂ ਇਸ ਔਡ-ਈਵਨ ਪ੍ਰਣਾਲੀ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰ ਦੇ ਇਸ ਫ਼ੈਸਲੇ ਕਾਰਨ ਵਪਾਰੀ ਆਰਥਿਕ ਤੰਗੀ ਵਿਚ ਆ ਗਿਆ ਹੈ। ਤਾਲਾਬੰਦੀ ਅਤੇ ਹੁਣ ਇਸ ਫ਼ੈਸਲੇ ਕਾਰਨ ਹੋਏ ਵਪਾਰਕ ਘਾਟੇ ਨੇ ਵਪਾਰੀਆਂ ਦੀ ਕਮਰ ਤੋੜ ਦਿੱਤੀ ਹੈ| ਇਸ ਮੌਕੇ ਫੈਡਰੇਸ਼ਨ ਦੇ ਪ੍ਰਧਾਨ ਰਾਕੇਸ਼ ਯਾਦਵ, ਗਾਂਧੀ ਮਾਰਕੀਟ ਦੇ ਪ੍ਰਧਾਨ ਸਤਪਾਲ ਸਿੰਘ ਮੰਗਾ, ਸਦਰ ਬਜ਼ਾਰ ਨਿਸ਼ਕਾਮ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਚਾਪੜਾ, ਵਪਾਰੀ ਆਗੂ ਦੀਪਕ ਮਿੱਤਲ, ਬਾਰੀ ਮੰਡੀ ਵਪਾਰੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਮੇਸ਼ ਸਚਦੇਵਾ ਸਮੇਤ ਕਈ ਵਪਾਰੀ ਹਾਜ਼ਰ ਸਨ, ਜਿਨ੍ਹਾਂ ਨੇ ਔਡ-ਈਵਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਤੇ ਸਰਕਾਰ ਦੀ ਨੀਤੀ ਦਾ ਵਿਰੋਧ ਕੀਤਾ।
ਇਸ ਮੌਕੇ ਪਰਮਜੀਤ ਸਿੰਘ ਪੰਮਾ ਅਤੇ ਰਾਕੇਸ਼ ਯਾਦਵ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਦਿੱਲੀ ਵਿੱਚ ਔਡ-ਈਵਨ ਚੱਲ ਰਿਹਾ ਹੈ, ਜਦਕਿ ਦਿੱਲੀ ਤੋਂ ਬਾਹਰ ਸਿਆਸੀ ਰੈਲੀਆਂ ਵੀ ਹੋ ਰਹੀਆਂ ਹਨ ਤੇ ਕਾਰੋਬਾਰ ਵੀ ਪੂਰੀ ਤਰ੍ਹਾਂ ਖੁੱਲ੍ਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਸਵਾਲ ਕਰਦਿਆਂ, ਉਨ੍ਹਾਂ ਕਿਹਾ ਕਿ ਉਹ ਘਰ-ਘਰ ਪ੍ਰਚਾਰ ਕਰ ਰਹੇ ਹਨ। ਦਿੱਲੀ ਦਾ ਮੁੱਖ ਮੰਤਰੀ ਦਿੱਲੀ ਤੋਂ ਬਾਹਰ ਕਿਉਂ ਹੈ? ਕੀ ਉਨ੍ਹਾਂ ਨੂੰ ਦਿੱਲੀ ਦੀ ਜਨਤਾ ਦੀ ਕੋਈ ਚਿੰਤਾ ਨਹੀਂ ਹੈ ਜਾਂ ਸਾਰਾ ਦੋਸ਼ ਵਪਾਰੀਆਂ ’ਤੇ ਹੀ ਪਾਉਣਾ ਹੈ।
ਸਤਪਾਲ ਸਿੰਘ ਮੰਗਾ ਤੇ ਹਰਜੀਤ ਸਿੰਘ ਛਾਬੜਾ ਤੇ ਹੋਰ ਵਪਾਰੀਆਂ ਨੇ ਦੱਸਿਆ ਕਿ ਇੱਕ ਵਪਾਰੀ ਦੀ ਦੁਕਾਨ ਹਫ਼ਤੇ ਵਿੱਚ 2-3 ਦਿਨ ਖੁੱਲ੍ਹ ਰਹੀ ਹੈ। ਵਪਾਰੀਆਂ ਦੇ ਖਰਚੇ ਪੂਰੇ ਕਰਨੇ ਬਹੁਤ ਔਖੇ ਹੋ ਗਏ ਹਨ, ਜਿਸ ਕਾਰਨ ਵਪਾਰੀਆਂ ਵਿੱਚ ਭਾਰੀ ਰੋਸ ਹੈ। ਸਰਕਾਰ ਅਜਿਹੇ ਕਾਨੂੰਨ ਲਿਆ ਕੇ ਵਪਾਰੀਆਂ ਨੂੰ ਤਬਾਹ ਕਰਨ ਦੀ ਸਾਜ਼ਿਸ਼ ਰਚ ਰਹੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਪੰਜਾਬ, ਯੂਪੀ ਅਤੇ ਗੋਆ ਵਿੱਚ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ, ਦੂਜੇ ਪਾਸੇ ਦਿੱਲੀ ਦੇ ਵਪਾਰੀ ਆਪਣਾ ਕਾਰੋਬਾਰ ਬੰਦ ਕਰਕੇ ਘਰਾਂ ਵਿੱਚ ਕੈਦ ਹਨ।