ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਜੂਨ
ਦਿੱਲੀ ਦੀ ਤ੍ਰੇਹ ਬੁਝਾਉਣ ਵਾਲੀ ਯਮੁਨਾ ਨਦੀ ਵਿੱਚ ਮੁੜ ਝੱਗ ਬਣਨ ਲੱਗੀ ਹੈ। ਇਹ ਚਿੱਟੀ ਝੱਗ ਆਈਟੀਓ ਕੋਲ ਯਮੁਨਾ ਨਦੀ ਵਿੱਚ ਦੇਖੀ ਗਈ ਹੈ। ਪਹਿਲਾਂ ਵੀ ਯਮੁਨਾ ਵਿੱਚ ਅਜਿਹੀ ਝੱਗ ਦਿਖਾਈ ਦਿੰਦੀ ਆਈ ਹੈ। ਖ਼ਾਸ ਕਰਕੇ ਛੱਠ ਪੂਜਾ ਤੋਂ ਐਨ ਪਹਿਲਾਂ ਵੀ ਬੀਤੇ ਸਾਲ ਨਵੰਬਰ ਵਿੱਚ ਜ਼ਹਿਰੀਲੀ ਝੱਗ ਦਿਖਾਈ ਦਿੱਤੀ ਸੀ। ਹਾਲਤ ਇਹ ਸਨ ਕਿ ਛੱਠ ਪੂਜਾ ਮਨਾਉਣ ਵਾਲਿਆਂ ਨੇ ਝੱਗ ਵਾਲੇ ਪਾਣੀ ਵਿੱਚ ਹੀ ਸੂਰਜ ਨੂੰ ਅਰਘ ਦਿੱਤਾ ਸੀ। ਦਿੱਲੀ ਸਰਕਾਰ ਵੱਲੋਂ ਕਈ ਵਾਰ ਦੋਸ਼ ਲਾਇਆ ਗਿਆ ਕਿ ਹਰਿਆਣਾ ਤੋਂ ਆਉਂਦੇ ਸਨਅਤੀ ਗੰਦੇ ਪਾਣੀ ਕਾਰਨ ਯਮੁਨਾ ਨੂੰ ਨੁਕਸਾਨ ਪਹੁੰਚ ਰਿਹਾ ਹੈ।
ਟਵਿੱਟਰ ‘ਤੇ ਸ਼ੇਅਰ ਕੀਤੇ ਗਏ ਵੀਡੀਓ ਵਿੱਚ ਬੱਦਲ ਵਰਗਾ ਝੱਗ ਯਮੁਨਾ ਨਦੀ ਦੀ ਸਤ੍ਵਾ ਨੂੰ ਲਗਪਗ ਪੂਰੀ ਤਰ੍ਹਾਂ ਢੱਕਦਾ ਦਿਖਾਈ ਦੇ ਰਿਹਾ ਹੈ। ਨਦੀ ਵਿੱਚ ਪਤਾ ਲੱਗਦਾ ਹੈ ਕਿ ਝੱਗ ਨਦੀ ਦੇ ਦੋਵੇਂ ਕਿਨਾਰਿਆਂ ਤੱਕ ਫੈਲੀ ਹੋਈ ਹੈ। ਖਤਰਨਾਕ ਝੱਗ ਯਮੁਨਾ ਨਦੀ ਵਿੱਚ ਵਧੇ ਹੋਏ ਅਮੋਨੀਆ ਦੇ ਪੱਧਰ ਅਤੇ ਉੱਚ ਫਾਸਫੇਟ ਸਮੱਗਰੀ ਕਾਰਨ ਹੁੰਦੀ ਹੈ ਜੋ ਕਿ ਨਦੀ ਵਿੱਚ ਡਿਟਰਜੈਂਟਾਂ ਸਮੇਤ ਉਦਯੋਗਿਕ ਪ੍ਰਦੂਸ਼ਕਾਂ ਕਾਰਨ ਹੁੰਦੀ ਹੈ। ਪਿਛਲੇ ਸਾਲ ਦਿੱਲੀ ਸਰਕਾਰ ਨੇ ਛਠ ਪੂਜਾ ਦੇ ਜਸ਼ਨਾਂ ਤੋਂ ਪਹਿਲਾਂ ਜ਼ਹਿਰੀਲੇ ਝੱਗ ਨੂੰ ਸਾਫ ਕਰਨ ਲਈ 15 ਕਿਸ਼ਤੀਆਂ ਤਾਇਨਾਤ ਕੀਤੀਆਂ ਸਨ। ਇਸ ਤੋਂ ਪਹਿਲਾਂ ਦਿੱਲੀ ਸਰਕਾਰ ਦੁਆਰਾ ਝੱਗ ਨੂੰ ਦੂਰ ਕਰਨ ਲਈ ਵਰਤੀ ਗਈ ਇੱਕ ਹੋਰ ਤਕਨੀਕ ਨਦੀ ਵਿੱਚ ਪਾਣੀ ਛਿੜਕਣਾ ਸੀ। ਦਿੱਲੀ ਜਲ ਬੋਰਡ ਦੇ ਕਰਮਚਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਵਿਭਾਗ ਜ਼ਹਿਰੀਲੀ ਝੱਗ ਨੂੰ ਦੂਰ ਕਰਨ ਲਈ ਯਮੁਨਾ ਵਿੱਚ ਪਾਣੀ ਛਿੜਕ ਰਿਹਾ ਹੈ। ਯਮੁਨਾ ਕਈ ਸਾਲਾਂ ਤੋਂ ਚਿੰਤਾ ਦਾ ਵਿਸ਼ਾ ਰਹੀ ਹੈ ਅਤੇ ਪਿਛਲੇ ਮਹੀਨੇ ਨਦੀ ਲਗਭਗ ਸੁੱਕ ਗਈ ਸੀ। ਬੋਰਡ ਮੁਤਾਬਕ ਇਸ ਨਾਲ ਰਾਜਧਾਨੀ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਰ ਵਿਗੜ ਜਾਵੇਗੀ।