ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਕਤੂਬਰ
ਯੂਥ ਕਾਂਗਰਸ ਨੇ ਲਖੀਮਪੁਰ ਖੀਰੀ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਅਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੂੰ ਬਰਖ਼ਾਸਤ ਕਰਨ ਲਈ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਬੀਵੀਜੀ ਦੀ ਅਗਵਾਈ ਵਿੱਚ ‘ਮਸ਼ਾਲ ਰੋਸ ਮਾਰਚ’ ਕੱਢਿਆ। ਇਹ ਮਾਰਚ ਯੂਥ ਕਾਂਗਰਸ ਦੇ ਮੁੱਖ ਦਫ਼ਤਰ ਰਾਇਸਿਨਾ ਮਾਰਗ ਤੋਂ ਜੰਤਰ-ਮੰਤਰ ਤੱਕ ਗਿਆ ਜਿੱਥੇ ਪੁਲੀਸ ਨੇ ਇਹ ਮਾਰਚ ਰੋਕ ਦਿੱਤਾ।
ਇਸ ਮੌਕੇ ’ਤੇ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਬੀਵੀਜੀ ਨੇ ਕਿਹਾ ਕਿ ਅਜਿਹਾ ਲਗਦਾ ਹੈ ਕਿ ਮੋਦੀ ਸਰਕਾਰ ਦੀ ਨੀਤੀ ਅੰਨਾਦਾਤਾ ਨੂੰ ‘ਥਕਾਉਣ ਤੇ ਪ੍ਰੇਸ਼ਾਨ ਕਰਨ’ ਦੀ ਹੈ ਪਰ ਭਾਜਪਾ ਇਹ ਰਣਨੀਤੀ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਦੇਸ਼ ਦਾ ਅੰਨਾਦਾਤਾ ਭਾਜਪਾ ਦੀ ਨੀਤੀ ਅਤੇ ਚਾਲਾਂ ਨੂੰ ਸਮਝ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਕਿਸਾਨ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਸਨ ਤਾਂ ਵਾਹਨਾਂ ਦੇ ਕਾਫ਼ਲੇ ਨੇ ਕਿਸਾਨਾਂ ਅਤੇ ਪੱਤਰਕਾਰ ਨੂੰ ਕੁਚਲ ਦਿੱਤਾ। ਮੌਕੇ ’ਤੇ ਹਾਜ਼ਰ ਲੋਕਾਂ ਨੇ ਪੁਸ਼ਟੀ ਕੀਤੀ ਹੈ ਕਿ ਮੰਤਰੀ ਦਾ ਪੁੱਤਰ ਆਸ਼ੀਸ਼ ਮਿਸ਼ਰਾ ਗੱਡੀ ਵਿੱਚ ਮੌਜੂਦ ਸੀ। ਇਹ ਹੁਣ ਤਕ ਦੀ ਸਭ ਤੋਂ ਭਿਆਨਕ ਤੇ ਯੋਜਨਾਬੱਧ ਕਾਰਵਾਈਆਂ ਵਿੱਚੋਂ ਇੱਕ ਸੀ, ਜੋ ਕੈਮਰੇ ਵਿੱਚ ਕੈਦ ਹੋ ਗਈ। ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਮਾਮਲੇ ਵਿੱਚ ਪ੍ਰਸ਼ਾਸਨ ਦਾ ਰਵੱਈਆ ਸ਼ੱਕੀ ਤੇ ਅਨਿਆਂਪੂਰਨ ਰਿਹਾ ਹੈ। ਉਨ੍ਹਾਂ ਨੂੰ ‘ਨਿਆਂ’ ਦੇਣਾ ਸਾਡਾ ਫਰਜ਼ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਗ੍ਰਹਿ ਰਾਜ ਮੰਤਰੀ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ। ਉਸ ਵਿਅਕਤੀ ਨੂੰ ਇੱਕ ਪਲ ਲਈ ਵੀ ਆਪਣੇ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।