ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਨਵੰਬਰ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਟੋਕੀਓ ਓਲੰਪਿਕ ਸਮੇਤ ਵੱਖ-ਵੱਖ ਮੁਕਾਬਲਿਆਂ ਵਿੱਚ ਭਾਰਤ ਲਈ ਤਗਮੇ ਲਿਆਉਣ ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਦਿੱਲੀ ਦੇ ਛੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਦਿੱਲੀ ਸਕੱਤਰੇਤ ਵਿੱਚ ਹੋਏ ਸਨਮਾਨ ਸਮਾਗਮ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਰਵੀ ਦਹੀਆ ਨੂੰ ਖੇਡ ਵਿਭਾਗ ਵਿੱਚ ਸਹਾਇਕ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ 10 ਲੱਖ ਰੁਪਏ ਦਾ ਮਾਣ ਭੱਤਾ ਵੀ ਦਿੱਤਾ ਗਿਆ ਹੈ। ਸਿੱਖਿਆ ਤੇ ਸਿਹਤ ਦੇ ਨਾਲ-ਨਾਲ ਦਿੱਲੀ ਸਰਕਾਰ ਖੇਡਾਂ ਨੂੰ ਵੀ ਜ਼ਿਆਦਾ ਤਰਜੀਹ ਦੇਵੇਗੀ। ਇਸ ਦੇ ਲਈ ਦਿੱਲੀ ’ਚ ਖੇਡ ਢਾਂਚੇ ਨੂੰ ਵੱਡੇ ਪੱਧਰ ’ਤੇ ਵਧਾਇਆ ਜਾ ਰਿਹਾ ਹੈ। ਇਹ ਬੁਨਿਆਦੀ ਢਾਂਚਾ ਸਿਰਫ਼ ਦਿੱਲੀ ਦਾ ਨਹੀਂ, ਸਗੋਂ ਪੂਰੇ ਦੇਸ਼ ਦਾ ਹੈ। ਦੇਸ਼ ਭਰ ਤੋਂ ਸਾਰੇ ਖਿਡਾਰੀ ਇੱਥੇ ਆ ਕੇ ਸਿਖਲਾਈ ਦਿੰਦੇ ਹਨ। ਜਦੋਂ ਪੂਰੇ ਦੇਸ਼ ਨੂੰ ਮੈਡਲ ਮਿਲਣਗੇ ਤਾਂ ਸਾਡਾ ਮਾਣ ਵਧੇਗਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਇੱਕ ਖੇਡ ਯੂਨੀਵਰਸਿਟੀ ਵੀ ਬਣਾਈ ਹੈ, ਜੋ ਬੱਚਿਆਂ ਨੂੰ ਖੇਡਾਂ ਵਿੱਚ ਡਿਗਰੀਆਂ ਦੇਣ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਕਰੇਗੀ। ਸਾਰੇ ਖਿਡਾਰੀਆਂ ਨੂੰ ਅਪੀਲ ਹੈ ਕਿ ਤੁਸੀਂ ਦੇਸ਼ ਅਤੇ ਦਿੱਲੀ ਦੇ ਬੱਚਿਆਂ ਨੂੰ ਅੱਗੇ ਵਧਣ ਲਈ ਤਿਆਰ ਕਰੋ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ, ‘‘ਟੋਕੀਓ ਓਲੰਪਿਕ ’ਚ ਭਾਰਤ ਲਈ ਮੈਡਲ ਲਿਆਉਣ ਵਾਲੇ ਸ੍ਰੀ ਰਵੀ ਦਹੀਆ ਸਮੇਤ ਦਿੱਲੀ ਦੇ 6 ਖਿਡਾਰੀਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ। ਰਵੀ ਜੀ ਨੂੰ 2 ਕਰੋੜ ਰੁਪਏ ਦੇ ਮਾਣ ਭੱਤੇ ਤੇ ਖੇਡ ਵਿਭਾਗ ਵਿੱਚ ਸਹਾਇਕ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਗਿਆ ਸੀ। ਦਿੱਲੀ ਦੇ ਸਾਡੇ ਇਨ੍ਹਾਂ ਖਿਡਾਰੀਆਂ ਨੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ’ ਖਿਡਾਰੀ ਸ਼ਰਦ ਕੁਮਾਰ ਨੂੰ ਉੱਚੀ ਛਾਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਲਈ 1 ਕਰੋੜ ਰੁਪਏ ਦਾ ਚੈੱਕ ਸੌਂਪਿਆ ਗਿਆ। ਇਸ ਦੇ ਨਾਲ ਹੀ ਸਿਮਰਨ ਨੂੰ 10 ਲੱਖ, ਸਾਰਥਕ ਭਾਂਬਰੀ ਨੂੰ 5 ਲੱਖ, ਅਮੋਦ ਜੈਕਬ ਨੂੰ 5 ਲੱਖ ਤੇ ਕਸ਼ਿਸ਼ ਲਾਕੜਾ ਨੂੰ 10 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਕੇਜਰੀਵਾਲ ਨੇ ਕਿਹਾ ਕਿ ਸਾਡੇ ਪਰਿਵਾਰ ਦੇ ਇਨ੍ਹਾਂ ਛੇ ਬੱਚਿਆਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਦੇਸ਼ ਦੇ 130 ਕਰੋੜ ਲੋਕਾਂ ਦਾ ਨਾਮ ਰੋਸ਼ਨ ਕੀਤਾ ਹੈ। ਸਾਰੇ ਦਿੱਲੀ ਦੇ ਲੋਕਾਂ ਨੂੰ ਆਪਣੇ ਬੱਚਿਆਂ ’ਤੇ ਬਹੁਤ ਮਾਣ ਹੈ।