ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜਨਵਰੀ
ਦਿੱਲੀ-ਬਹਾਦਰਗੜ੍ਹ ਮਾਰਗ ’ਤੇ ਹਜ਼ਾਰਾਂ ਕਿਸਾਨਾਂ ਦਾ ਇਕੱਠ ਕਿਸਾਨ ਅੰਦੋਲਨ ਦੇ ਏਕੇ ਦਾ ਪ੍ਰਤੀਕ ਬਣ ਗਿਆ ਹੈ। ਟਿਕਰੀ ਮੈਟਰੋ ਸਟੇਸ਼ਨ ਤੋਂ ਲੈ ਕੇ ਹਰਿਆਣਾ ਦੇ ਸ਼ਹਿਰ ਬਹਾਦਰਗੜ੍ਹ ਦੀ ਹੱਦ ਸ਼ੁਰੂ ਹੋਣ ਤਕ ਸੜਕ ਦੇ ਦੋਵੇਂ ਪਾਸੇ ਬੇਤਰਤੀਬੀਆਂ ਖੜ੍ਹੀਆਂ ਟਰਾਲੀਆਂ ਅਤੇ ਉਨ੍ਹਾਂ ਵਿੱਚ ਬੈਠੇ ਜਾਂ ਆਲੇ-ਦੁਆਲੇ ਫਿਰਦੇ ਦੇਸ਼ ਭਰ ਦੇ ਕਿਸਾਨਾਂ ਦੀ ਭੀੜ ਕਿਸਾਨ ਏਕੇ ਦੀ ਪਹਿਲੀ ਤਸਵੀਰ ਪੇਸ਼ ਕਰਦੀ ਹੈ। ਟਿਕਰੀ ਹੱਦ ’ਤੇ ਦਿੱਲੀ ਦੇ ਬਾਕੀ ਤਿੰਨਾਂ ਕਿਸਾਨ ਧਰਨਿਆਂ ਤੋਂ ਵੱਧ ਭੀੜ ਹੈ। ਇੱਥੇ ਪੰਜਾਬ ਦੇ ਮਾਲਵਾ ਖੇਤਰ ਤੋਂ ਹੋਰ ਜ਼ਿਲ੍ਹਿਆਂ ਦੇ ਮੁਕਾਬਲੇ ਵੱਧ ਟਰੈਕਟਰ-ਟਰਾਲੀਆਂ ਪੁੱਜੀਆਂ ਹਨ। ਹਰਿਆਣਾ ਦੇ ਕਿਸਾਨਾਂ ਦੀਆਂ ਟਰਾਲੀਆਂ ਵੀ ਇੱਥੇ ਖਾਸੀਆਂ ਹਨ ਤੇ ਹਰਿਆਣਵੀ ਸੰਸਥਾਵਾਂ ਦੀ ਭਰਵੀਂ ਹਾਜ਼ਰੀ ਤੋਂ ਇਹ ਪੁਖਤਾ ਹੋ ਗਿਆ ਕਿ ਦੋਵਾਂ ਸੂਬਿਆਂ ਦੇ ਕਿਸਾਨ ਹੁਣ ਕੇਂਦਰ ਸਰਕਾਰ ਨਾਲ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਵਿੱਚ ਮੋਢਾ ਜੋੜ ਕੇ ਖੜ੍ਹੇ ਹਨ। ਕਰਨਾਲ ਵਿੱਚ ਅੱਜ ਮੁੱਖ ਮੰਤਰੀ ਦਾ ਹੈਲੀਕਾਪਟਰ ਨਾ ਉਤਰਨ ਦੇਣ ਦੀ ਘਟਨਾ ਦੀ ਟਰਾਲੀਆਂ ’ਤੇ ਖ਼ੂਬ ਚਰਚਾ ਹੋਈ। ਇੱਥੇ ਹਰਿਆਣਾ ਦੇ ਸਿਰਸਾ, ਫਤਿਆਬਾਦ, ਟੋਹਾਣਾ ਤੇ ਹੋਰ ਹਿੱਸਿਆਂ ਤੋਂ ਟਰੈਕਟਰ ਟਰਾਲੀਆਂ ਅੰਦੋਲਨ ਵਿੱਚ ਸ਼ਾਮਲ ਹਨ। ਹਰਿਆਣਾ ਵਾਲੇ ਰੋਜ਼ਾਨਾ ਦੀਆਂ ਲੋੜਾਂ ਦਾ ਸਾਮਾਨ ਨਿਰੰਤਰ ਪਹੁੰਚਾ ਰਹੇ ਹਨ। ਮੈਟਰੋ ਸਟੇਸ਼ਨਾਂ ਤੋਂ ਹੇਠਾਂ ਕੌਮੀ ਮਾਰਗ ’ਤੇ ਝਾਤ ਮਾਰੀ ਜਾਵੇ ਤਾਂ ਪੱਕੀ ਸੜਕ ਦੇ ਡਿਵਾਈਡਰ ਦੁਆਲੇ ਪਿੰਡ ਦੀ ਲੰਮੀ ਗਲੀ ਦੀ ਝਲਕ ਦਿਖਾਈ ਦਿੰਦੀ ਹੈ। ਕਿਸਾਨਾਂ ਨੂੰ ਆਪਣੇ ਆਹਰੇ ਲੱਗਿਆਂ ਨੂੰ ਰਾਹਗੀਰ ਗਹੁ ਨਾਲ ਦੇਖਦੇ ਹਨ।