ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਜੁਲਾਈ
ਦਿੱਲੀ ਸਰਕਾਰ ਦੀ ਪੰਜਾਬੀ ਅਕਾਦਮੀ ਵੱਲੋਂ ਦਿੱਲੀ ਹਾਟ ਪੀਤਮਪੁਰਾ ਵਿੱਚ ਤੀਜ ਮੇਲਾ ਮਨਾਇਆ ਗਿਆ, ਜਿਸ ਵਿੱਚ ਮੁਟਿਆਰਾਂ ਵੱਲੋਂ ਗਿੱਧਾ ਪੇਸ਼ ਕੀਤਾ ਗਿਆ ਤੇ ਗਾਇਕਾਂ ਨੇ ਤੀਆਂ ਨਾਲ ਜੁੜੀਆਂ ਬੋਲੀਆਂ ਪਾਈਆਂ ਤੇ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਗਾਇਕਾ ਨੂਰ ਚਾਹਲ, ਕਮਲ ਗਿੱਲ ਨੇ ਬੋਲੀਆਂ ਦੀ ਛਹਬਿਰ ਲਾਈ। ਇਸ ਮੌਕੇ ਸਕੱਤਰ ਨਰਿੰਦਰ ਸਿੰਘ, ਅਕਾਦਮੀ ਦੇ ਮੀਤ ਚੇਅਰਮੈਨ ਹਰਸ਼ਰਨ ਸਿੰਘ ਬੱਲੀ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਮੌਕੇ ਬੁਲਾਰਿਆਂ ਨੇ ਪੰਜਾਬੀ ਸੱਭਿਆਚਾਰ ਦੇ ਵੱਖ-ਵੱਖ ਰੰਗਾਂ ਦਾ ਜ਼ਿਕਰ ਕੀਤਾ। ਦਰਸ਼ਕਾਂ ਨੇ ਬੋਲੀਆਂ ਦੇ ਨਾਲ ਸਾਥ ਦਿੱਤਾ ਤੇ ਭਰਵੀਂ ਰੌਣਕ ਲੱਗੀ। ਆਈਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਅਕਾਦਮੀ ਦੀ ਗਵਰਨਿੰਗ ਕੌਂਸਲ ਦੀ ਮੈਂਬਰ ਕੰਚਨ ਭੂਪਲ ਨੇ ਦੱਸਿਆ ਕਿ ਮੇਲੇ ਵਿਚ ਲਾਏ ਸਟਾਲਾਂ ਉਪਰ ਵੀ ਖਾਸੀ ਭੀੜ ਸੀ। ਪੀਂਘਾਂ ਝੂਟਦੀਆਂ ਮੁਟਿਆਰਾਂ ਨੇ ਮਨਮੋਹਨ ਮਾਹੌਲ ਸਿਰਜਿਆ। ਇਸ ਮੌਕੇ ਵਿਧਾਇਕਾ ਬੰਦਨਾ ਕੁਮਾਰੀ ਤੇ ਹੋਰ ਆਗੂ ਵੀ ਹਾਜ਼ਰ ਸਨ।