ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਮਈ
ਦਿੱਲੀ ਸਰਕਾਰ ਵੱਲੋਂ ਨਿੱਜੀ ਐਂਬੂਲੈਂਸਾਂ ਦਾ ਕਿਰਾਇਆ ਤੈਅ ਕਰਦਿਆਂ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਨੇਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦਿੱਲੀ ਸਰਕਾਰ ਵੱਲੋਂ ਨਿੱਜੀ ਐਂਬੂਲੈਂਸਾਂ ਲਈ 1500 ਰੁਪਏ ਤੋਂ ਲੈ ਕੇ 4000 ਰੁਪਏ ਤੱਕ ਦਾ ਭਾੜਾ ਤੈਅ ਕੀਤਾ ਗਿਆ ਹੈ। ਇੱਕ ਟਵੀਟ ’ਚ ਮੁੱਖ ਮੰਤਰੀ ਨੇ ਕਿਰਾਇਆ ਤੈਅ ਕਰਨ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੋਵਿਡ ਮਰੀਜ਼ਾਂ ਤੋਂ ਕਈ ਨਿੱਜੀ ਐਂਬੂਲੈਂਸ ਅਪਰੇਟਰ ਨਾਜਾਇਜ਼ ਕਿਰਾਇਆ ਵਸੂਲ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੇ ਧਿਆਨ ਵਿੱਚ ਆਉਣ ਕਰਕੇ ਦਿੱਲੀ ਸਰਕਾਰ ਨੇ ਵੱਧ ਤੋਂ ਵੱਧ ਕਿਰਾਇਆ ਤੈਅ ਕਰ ਦਿੱਤਾ ਹੈ ਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।