ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਅਕਤੂਬਰ
ਉੱਤਰੀ ਦਿੱਲੀ ਦੇ ਬਾਦਲੀ ਖੇਤਰ ਵਿੱਚ ਇੱਕ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਅੱਜ ਬਾਦਲੀ ਯਾਰਡ ਤੇ ਹੋਲਾਂਬੀ ਵਿਚਕਾਰ ਕਿਲੋਮੀਟਰ ਖੰਭੇ 13/25 ਨੇੜੇ ਵਾਪਰਿਆ। ਪੁਲੀਸ ਦਾ ਕਹਿਣਾ ਹੈ ਕਿ ਮਜ਼ਦੂਰਾਂ ਦੀ ਪਛਾਣ ਮੁਹੰਮਦ ਹਾਫਿਜ਼, ਮੁਹੰਮਦ ਤੇ ਰਿਆਜੁਲ ਵਜੋਂ ਹੋਈ ਹੈ। ਇਹ ਤਿੰਨੋਂ ਬਾਦਲੀ ਉਦਯੋਗਿਕ ਖੇਤਰ ਵਿੱਚ ਕੰਮ ਕਰਦੇ ਸਨ ਅਤੇ ਸਿਰਸਪੁਰ ਪਿੰਡ ਕੇ ਰਾਣਾ ਪਾਰਕ ਵਿੱਚ ਰਹਿੰਦੇ ਸਨ। ਪੁਲੀਸ ਅਨੁਸਾਰ ਤਿੰਨੋਂ ਮੁਹੰਮਦ ਅਹਿਸਾਨ ਦੇ ਨਾਸ ਨੇੜੇ ਇਕ ਪਾਰਕ ਵਿੱਚ ਗਏ ਸਨ ਅਤੇ ਵਾਪਸ ਘਰ ਪਰਤ ਰਹੇ ਸਨ। ਅਹਿਸਾਨ ਵੀ ਉਨ੍ਹਾਂ ਨਾਲ ਹੀ ਕੰਮ ਕਰਦਾ ਸੀ ਤੇ ਉਨ੍ਹਾਂ ਦੇ ਨਾਲ ਹੀ ਰਹਿੰਦਾ ਸੀ। ਇਸ ਸਬੰਧੀ ਇਕ ਅਧਿਕਾਰੀ ਨੇ ਦੱਸਿਆ ਕਿ ਚਾਰੋਂ ਵਿਅਕਤੀ ਦੋ ਰੇਲ ਲਾਈਨਾਂ ’ਤੇ ਉਲਟ ਦਿਸ਼ਾਵਾਂ ਤੋਂ ਆ ਰਹੀਆਂ ਰੇਲ ਗੱਡੀਆਂ ਵਿਚਾਲੇ ਫਸ ਗਏ। ਉਨ੍ਹਾਂ ਕਿਹਾ ਕਿ ਤਿੰਨਾਂ ਨੇ ਪਟੜੀਆਂ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਰੇਲ ਗੱਡੀ ਦੀ ਲਪੇਟ ਵਿੱਚ ਆ ਗਏ। ਜਦੋਂ ਕਿ ਅਹਿਸਾਨ ਦੋ ਰੇਲ ਲਾਈਨਾਂ ਦੇ ਵਿਚਾਲੇ ਬੈਠ ਕੇ ਬਚ ਗਿਆ। ਇਸ ਦੌਰਾਨ ਪੁਲੀਸ ਨੇ ਦੱਸਿਆ ਕਿ ਲਾਸ਼ਾਂ ਨੂੰ ਸਬਜ਼ੀ ਮੰਡੀ ਸਥਿਤ ਮੁਰਦਾ ਘਰ ਭੇਜ ਕੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤੀ ਹੈ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ 19 ਤੋਂ 21 ਸਾਲ ਦੇ ਵਿਚਕਾਰ ਹੈ। ਪੁਲੀਸ ਨੇ ਕਿਸੇ ਤਰ੍ਹਾਂ ਦੀ ਗੜਬੜੀ ਦਾ ਕੋਈ ਖਦਸ਼ਾ ਜ਼ਾਹਿਰ ਨਹੀਂ ਕੀਤਾ। ਪੁਲੀਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।