ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਅਗਸਤ
ਇੱਥੋਂ ਦੇ ਗੀਤਾ ਕਲੋਨੀ ਫਲਾਈਓਵਰ ‘ਤੇ ਦੇਰ ਰਾਤ ਇਕ ਕਾਰ ਦੇ ਕਈ ਵਾਹਨਾਂ ਨਾਲ ਟਕਰਾਉਣ ਕਾਰਨ ਤਿੰਨ ਵਿਅਕਤੀ ਜ਼ਖਮੀ ਹੋ ਗਏ ਹਨ। ਇਸ ਸਬੰਧੀ ਦਿੱਲੀ ਪੁਲੀਸ ਨੇ ਦੱਸਿਆ ਕਿ ਕਾਰ ਨੂੰ ਕਥਿਤ ਤੌਰ ‘ਤੇ ਮੱਧ ਪ੍ਰਦੇਸ਼ ਦਾ ਇਕ ਸਾਬਕਾ ਵਿਧਾਇਕ ਚਲਾ ਰਿਹਾ ਸੀ। ਪੁਲੀਸ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ। ਹਾਦਸੇ ਤੋਂ ਬਾਅਦ ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਤੇ ਨਾ ਹੀ ਅਜੇ ਤੱਕ ਕਿਸੇ ਵੀ ਜ਼ਖਮੀ ਵਿਅਕਤੀ ਵੱਲੋਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਪੁਲੀਸ ਮੁਤਾਬਿਕ ਕਾਰ ਚਾਲਕ ਨੇ ਦੋ ਕਾਰਾਂ ਨੂੰ ਟੱਕਰ ਮਾਰੀ ਤੇ ਉਹ ਅੱਗੇ ਇਕ ਸਕੂਟਰ ਤੇ ਇਕ ਕਾਰ ਵਿੱਚ ਜਾ ਵੱਜੀਆਂ। ਇਸ ਸਬੰਧੀ ਡੀਸੀਪੀ (ਉੱਤਰੀ) ਸਾਗਰ ਸਿੰਘ ਕਲਸੀ ਨੇ ਕਿਹਾ ਕਿ ਘਟਨਾ ਰਾਤ 10.45 ਵਜੇ ਦੇ ਕਰੀਬ ਵਾਪਰੀ ਸੀ। ਉਨ੍ਹਾਂ ਦੱਸਿਆ ਕਿ ਵੈਗਨਾਰ ਕਾਰ ਦੇ ਡਰਾਈਵਰ ਤੇ ਸਕੂਟਰ ਸਵਾਰਾਂ ਨੂੰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕਾਰ ਚਾਲਕ ਖ਼ਿਲਾਫ਼ ਇੱਕ ਡੀਡੀ (ਰੋਜ਼ਾਨਾ ਡਾਇਰੀ) ਐਂਟਰੀ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਕੋਤਵਾਲੀ ਥਾਣੇ ਵਿੱਚ ਰੇਸ ਡਰਾਈਵਿੰਗ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਕਲਸੀ ਅਨੁਸਾਰ ਜੈਨ ਬੀਐੱਮਬਡਲਿਊ ਚਲਾ ਰਿਹਾ ਸੀ ਜਦੋਂ ਕਿ ਉਸ ਦਾ ਡਰਾਈਵਰ ਪਿਛਲੀ ਸੀਟ ‘ਤੇ ਬੈਠਾ ਸੀ ਕਿਉਂਕਿ ਉਸ ਨੂੰ ਰੂਟ ਦਾ ਪਤਾ ਨਹੀਂ ਸੀ। ਡੀਸੀਪੀ ਨੇ ਅੱਗੇ ਕਿਹਾ ਕਿ ਹਾਦਸੇ ਦੇ ਸਮੇਂ ਉਸ ਦੀ ਧੀ ਵੀ ਉਸ ਦੇ ਨਾਲ ਸੀ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਜ਼ਖਮੀਆਂ ‘ਚੋਂ ਕਿਸੇ ਨੇ ਵੀ ਅਜੇ ਤੱਕ ਸ਼ਿਕਾਇਤ ਦਰਜ ਨਹੀਂ ਕਰਵਾਈ। ਅਜਿਹਾ ਲਗਦਾ ਹੈ ਕਿ ਉਨ੍ਹਾਂ ਨੇ ਆਪਸ ਵਿੱਚ ਮਾਮਲਾ ਸੁਲਝਾਇਆ ਹੈ। ਫਿਲਹਾਲ ਕਾਨੂੰਨੀ ਕਾਰਵਾਈ ਜਾਰੀ ਹੈ। ਹਾਲਾਂਕਿ ਸਥਾਨਕ ਲੋਕਾਂ ਨੇ ਕਾਰ ਚਾਲਕ ’ਤੇ ਨਸ਼ੇ ਦੀ ਹਾਲਤ ਵਿੱਚ ਹੋਣ ਦਾ ਦੋਸ਼ ਲਾਇਆ ਹੈ। ਇਸ ਦੌਰਾਨ ਸਥਾਨਕ ਵਿਅਕਤੀ ਗੌਰਵ ਕੁਮਾਰ ਨੇ ਕਿਹਾ, ‘ਹਾਦਸੇ ਤੋਂ ਤੁਰੰਤ ਬਾਅਦ ਅਸੀਂ ਉਸ ਦੇ ਡਰਾਈਵਰ ਨੂੰ ਬੀਅਰ ਦੀਆਂ ਬੋਤਲਾਂ ਦੂਰ ਸੁੱਟਦੇ ਦੇਖਿਆ ਤੇ ਸਥਾਨਕ ਲੋਕਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ। ਮੇਰੀ ਪਤਨੀ ਤੇ ਛੇ ਮਹੀਨੇ ਦਾ ਬੱਚਾ ਮੇਰੇ ਨਾਲ ਸਕੂਟੀ ‘ਤੇ ਸਵਾਰ ਸਨ। ਦੋਵਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਉਹ ਅਜੇ ਵੀ ਡਰੇ ਹੋਏ ਹਨ’। ਇਕ ਹੋਰ ਸਥਾਨਕ ਨੇ ਦਾਅਵਾ ਕੀਤਾ ਕਿ ਘਟਨਾ ਤੋਂ ਤੁਰੰਤ ਬਾਅਦ ਇਕ ਹੋਰ ਵਾਹਨ ਮੌਕੇ ‘ਤੇ ਆਇਆ ਤੇ ਜੈਨ ਅਤੇ ਉਸ ਦੇ ਪਰਿਵਾਰ ਨੂੰ ਲੈ ਗਿਆ। ਜੈਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਘਟਨਾ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਜੈਨ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਜਿੱਥੇ ਉਹ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਹ 2008 ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਸਨ।