ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਮਾਰਚ
ਦਿੱਲੀ ਪੁਲੀਸ ਵੱਲੋਂ ਤਿੰਨ ਗੈਰਕਾਨੂੰਨੀ ਕਾਲ ਸੈਂਟਰਾਂ ਦਾ ਪਰਦਾਫਾਸ਼ ਕੀਤਾ ਗਿਆ ਹੈ ਜੋ ਐਪਲ ਅਤੇ ਐਮਜ਼ੌਨ ਦੀਆਂ ਤਕਨੀਕੀ ਸਹਾਇਤਾ ਲਈ ਸੇਵਾਵਾਂ ਦੇਣ ਦਾ ਦਿਖਾਵਾ ਕਰਦੇ ਸਨ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਧੋਖਾ ਦਿੰਦੇ ਸਨ। ਇਸ ਮਾਮਲੇ ’ਚ 37 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਵਿਦੇਸ਼ੀ ਨਾਗਰਿਕਾਂ ਨੂੰ ਵੋਇਸ ਰਿਕਾਰਡਿੰਗ ਭੇਜ ਕੇ ਯੂਐਸ ਡਰੱਗ ਇਨਫੋਰਸਮੈਂਟ ਹੋਣ ਦਾ ਦਿਖਾਵਾ ਕਰਦੇ ਸਨ ਅਤੇ ਫਿਰ ਉਨ੍ਹਾਂ ਤੋਂ ਪੈਸੇ ਕੱਢਵਾਉਂਦੇ ਸਨ। ਤਿੰਨ ਵਿੱਚੋਂ ਦੋ ਕਾਲ ਸੈਂਟਰਾਂ ਦਾ ਜਨਕਪੁਰੀ ਵਿੱਚ ਪਰਦਾਫਾਸ਼ ਕੀਤਾ ਗਿਆ ਸੀ, ਜਦੋਂ ਕਿ ਇੱਕ ਬਿੰਦਾਪੁਰ ਵਿੱਚ ਭਾਂਡਾ ਭੰਨਿਆ ਗਿਆ। ਗੁਪਤ ਜਾਣਕਾਰੀ ਦੇ ਅਧਾਰ ‘ਤੇ ਇਮਾਰਤ’ ’ਤੇ ਛਾਪਾ ਮਾਰਿਆ ਗਿਆ ਅਤੇ ਇਹ ਪਾਇਆ ਗਿਆ ਕਿ ਵੱਖ-ਵੱਖ ਮੁਲਜ਼ਮ ਬਿੰਦਾਪੁਰ ਅਤੇ ਜਨਕਪੁਰੀ ‘ਚ ਗੈਰਕਾਨੂੰਨੀ ਕਾਲ ਸੈਂਟਰ ਚਲਾ ਰਹੇ ਸਨ। ਕੇਂਦਰਾਂ ਦੇ ਖਿਲਾਫ ਦੋ ਵੱਖ-ਵੱਖ ਕੇਸ ਦਰਜ ਕੀਤੇ ਗਏ ਸਨ ਅਤੇ ਕੁਲ 37 ਵਿਅਕਤੀ ਨਾਮਜ਼ਦ ਕੀਤੇ ਹਨ।
ਬਿਆਨ ਵਿਚ ਕਿਹਾ ਗਿਆ ਹੈ ਕਿ ਪ੍ਰਬੰਧਕਾਂ, ਸੁਪਰਵਾਈਜ਼ਰਾਂ ਅਤੇ ਆਪਰੇਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿਚੋਂ 9 ਬਿੰਦਾਪੁਰ ਕੇਂਦਰ ਅਤੇ 28 ਜਨਕਪੁਰੀ ਕੇਂਦਰਾਂ ਵਿਚ ਕੰਮ ਕਰ ਰਹੇ ਸਨ। ਤਿੰਨੇ ਥਾਵਾਂ ਤੋਂ ਕੁੱਲ 56 ਡੈਸਕਟਾਪ ਅਤੇ 41 ਫੋਨ ਜ਼ਬਤ ਕੀਤੇ ਗਏ ਹਨ। ਦੋਸ਼ੀ ਵਿਅਕਤੀਆਂ, ਖ਼ਾਸਕਰ ਜਨਕਪੁਰੀ ਕੇਂਦਰਾਂ ਨੇ ਪੁਲੀਸ ਤੋਂ ਬਚਣ ਲਈ ਸਖਤ ਸਾਵਧਾਨੀ ਵਰਤ ਲਈ ਸੀ। ਉਹ ਮੁਲਾਜ਼ਮਾਂ ਨੂੰ ਆਪਣੀਆਂ ਗੱਡੀਆਂ ਦਫਤਰਾਂ ਤੋਂ ਦੂਰ ਖੜ੍ਹੀਆਂ ਕਰਨ ਲਈ ਆਖਦੇ ਸਨ।