ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਸਤੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖੇਡ ਸਬ-ਕਮੇਟੀ ਦੁਆਰਾ ਬੱਚਿਆਂ ਵਿੱਚ ਖੇਡ ਨੂੰ ਉਤਸ਼ਾਹ ਦੇਣ ਲਈ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਹਰੀ ਨਗਰ ਬ੍ਰਾਂਚ ਵਿੱਚ ‘ਬਾਲਾ ਪ੍ਰੀਤਮ ਜੀਐਚਪੀਐਸ ਇੰਟਰ ਸਕੂਲ ਮੀਟ 2022’ ਤਹਿਤ ਕਰਵਾਇਆ ਗਿਆ ਤਿੰਨ ਰੋਜ਼ਾ ਬੈਡਮਿੰਟਨ ਮੁਕਾਬਲਾ ਅੱਜ ਸਮਾਪਤ ਹੋ ਗਿਆ। ਇਸ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਖੇਡ ਸਬ-ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਬਿੱਟੂ, ਵਿਕਰਮ ਸਿੰਘ ਰੋਹਿਣੀ, ਸਤਨਾਮ ਸਿੰਘ ਸੱਤਾ, ਚਰਨਜੀਤ ਸਿੰਘ ਆਦਿ ਨੇ ਜੇਤੂ ਖਿਡਾਰੀਆਂ ਨੂੰ ਤਗਮੇ, ਸਰਟੀਫਿਕੇਟ ਅਤੇ ਟਰਾਫੀ ਦੇ ਕੇ ਸਨਮਾਨਿਆ। ਉਨ੍ਹਾਂ ਨਾਲ ਸਪੋਰਟਸ ਸਬ-ਕਮੇਟੀ ਦੇ ਚੇਅਰਮੈਨ ਗੁਰਦੀਪ ਵੀ ਮੌਜੂਦ ਸਨ।
ਮੁਕਾਬਲੇ ਦਾ ਪ੍ਰਬੰਧ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਵਸੰਤ ਵਿਹਾਰ ਦੀ ਪ੍ਰਿੰਸੀਪਲ ਸੁਖਵੰਤ ਕੌਰ ਤੇ ਹਰੀ ਨਗਰ ਸਕੂਲ ਦੀ ਪ੍ਰਿੰਸੀਪਲ ਕੁਲਵਿੰਦਰ ਕੌਰ ਦੀ ਅਗਵਾਈ ’ਚ ਕੀਤਾ ਗਿਆ। ਖੇਡ ਸਬ-ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਬਿੱਟੂ ਨੇ ਦੱਸਿਆ ਕਿ ਇਸ ਮੁਕਾਬਲੇ ’ਚ 11 ਸਕੂਲਾਂ ਦੇ 88 ਖਿਡਾਰੀਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਜੀਐਚਪੀਐਸ ਇੰਟਰ ਸਕੂਲ ਮੁਕਾਬਲੇ ਦੇ ਤਹਿਤ ਅਗਲਾ ਮੁਕਾਬਲਾ ‘ਟੇਬਲ ਟੇਨਿਸ’ ਦਾ ਹਰਗੋਬਿੰਦ ਇਨਕਲੇਵ ’ਚ ਸਥਿਤ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ’ਚ 7 ਤੋਂ 9 ਸਤੰਬਰ ਤਕ ਕਰਵਾਇਆ ਜਾਵੇਗਾ। ਬਾਕੀ ਹੋਣ ਵਾਲੇ ਮੁਕਾਬਲਿਆਂ ’ਚ ਹੈਂਡ ਬਾਲ, ਖੋ-ਖੋ, ਵਾਲੀਬਾਲ, ਫੁਟਬਾਲ, ਬਾਸਕਿਟ ਬਾਲ, ਅਥਲੈਟਿਕਸ ਮੀਟ, ਕ੍ਰਿਕਟ/ਜੂਡੋ ਅਤੇ ਗਤਕਾ ਮੁਕਾਬਲੇ ਸ਼ਾਮਿਲ ਹਨ।
‘ਧਨੁ ਲੇਖਾਰੀ ਨਾਨਕਾ’ ਲੜੀ ਤਹਿਤ ਛੇਵਾਂ ਸਮਾਗਮ ਰੋਹਿਣੀ ਵਿੱਚ ਭਲਕੇ
ਨਵੀਂ ਦਿੱਲੀ(ਪੱਤਰ ਪ੍ਰੇਰਕ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਦੀ ਬਾਣੀ ਅਤੇ ਜੀਵਨ ’ਤੇ ਆਧਾਰਿਤ ਲੜੀ ‘ਧਨੁ ਲੇਖਾਰੀ ਨਾਨਕਾ’ ਤਹਿਤ ਛੇਵਾਂ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਭਗਤ ਸਿੰਘ ਪਾਰਕ, ਰੋਹਿਣੀ ਵਿਚ ਸ਼ਨਿਚਰਵਾਰ ਤਿੰਨ ਸਤੰਬਰ ਸ਼ਾਮ ਨੂੰ ਕਰਵਾਇਆ ਜਾਵੇਗਾ। ਇਹ ਸਮਾਗਮ ਨੌਵੇਂ ਪਾਤਿਸ਼ਾਹ ਗੁਰੂ ਤੇਗ ਬਹਾਦਰ ਦੀ ਬਾਣੀ ’ਚੋਂ ਕੀਰਤਨ ਅਤੇ ਪ੍ਰਮੁੱਖ ਸਿਧਾਂਤਾਂ ਦੀ ਵਿਆਖਿਆ ’ਤੇ ਆਧਾਰਿਤ ਹੋਵੇਗਾ। ਸਮਾਗਮ ’ਚ ਭਾਈ ਗੁਰਫਤਿਹ ਸਿੰਘ ਸ਼ਾਂਤ, ਬਾਬਾ ਸੁਰਜੀਤ ਸਿੰਘ ਜੀ ਘਨੂੜਕੀ ਅਤੇ ਗਿਆਨੀ ਮਿਲਖਾ ਸਿੰਘ ਮੌਜੀ ਗੁਰਬਾਣੀ ਦੇ ਇਲਾਹੀ ਕਥਾ-ਕੀਰਤਨ ਨਾਲ ਸੰਗਤ ਨੂੰ ਨਿਹਾਲ ਕਰਨਗੇ।