ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਅਪਰੈਲ
ਆਕਸੀਜ਼ਨ, ਨਾਈਟ੍ਰੋਜਨ ਸਿਲੰਡਰ ਤੇ ਫਲੋਅ ਮੀਟਰ ਰੱਖਣ ਤੇ ਉੱਚ-ਕੀਮਤਾਂ ’ਤੇ ਵੇਚਣ ਦੇ ਦੋਸ਼ ’ਚ ਤਿੰਨ ਵਿਅਕਤੀਆਂ ਨੂੰ ਦੱਖਣੀ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਮੋਹਿਤ (23) ਝੜੌਦਾ ਕਲਾਂ ਦਾ ਵਸਨੀਕ ਹੈ, ਸੁਮਿਤ ਸੈਣੀ (33) ਗੁੜਗਾਓਂ ਵਿੱਚ ਰਹਿੰਦਾ ਹੈ ਤੇ ਅੰਸਾਰ ਅਹਿਮਦ (41) ਓਖਲਾ ਦੇ ਸ਼ਾਹੀਨ ਬਾਗ ਦਾ ਰਹਿਣ ਵਾਲਾ ਹੈ। ਪੁਲੀਸ ਡਿਪਟੀ ਕਮਿਸ਼ਨਰ (ਦੱਖਣ) ਅਤੁਲ ਕੁਮਾਰ ਠਾਕੁਰ ਨੇ ਕਿਹਾ ਕਿ ਪੁਲੀਸ ਨੂੰ ਇਤਲਾਹ ਮਿਲੀ ਕਿ ਇੱਕ ਵਿਅਕਤੀ ਘੀਟੋਰਨੀ ਮੈਟਰੋ ਸਟੇਸ਼ਨ ਨੇੜੇ ਆਕਸੀਜਨ ਸਿਲੰਡਰ ਉੱਚੇ ਰੇਟਾਂ ’ਤੇ ਵੇਚਣ ਲਈ ਆ ਰਿਹਾ ਸੀ। ਇਸ ਤੋਂ ਬਾਅਦ ਇੱਕ ਜਾਲ ਵਿਛਾਇਆ ਗਿਆ ਤੇ ਆ ਰਿਹਾ ਮੋਹਿਤ ਦੀ ਕਾਰ ਦੀ ਜਾਂਚ ਕੀਤੀ ਗਈ। ਪੁਲੀਸ ਨੇ ਦੱਸਿਆ ਕਿ ਵਾਹਨ ਦੇ ਅੰਦਰ ਦੋ ਆਕਸੀਜਨ ਸਿਲੰਡਰ ਮਿਲੇ ਹਨ। ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਵੱਡੇ ਆਕਸੀਜਨ ਸਿਲੰਡਰ ਹਰੇਕ ਨੂੰ 50000 ਤੇ ਛੋਟੇ ਨੂੰ 30000 ਰੁਪਏ ਵਿਚ ਵੇਚ ਰਹੇ ਸਨ। ਮੋਹਿਤ ਨੇ ਸੈਣੀ ਤੇ ਅਹਿਮਦ ਤੋਂ ਸਿਲੰਡਰ ਖਰੀਦਿਆ। ਪੁਲੀਸ ਨੇ ਦੱਸਿਆ ਕਿ ਇਹ ਜੋੜੀ ਆਯਾ ਨਗਰ ਦੇ ਮਹੀਪਾਲ ਫਾਰਮਾਂ ਤੋਂ ਗ੍ਰਿਫ਼ਤਾਰ ਕੀਤੀ ਗਈ ਸੀ ਤੇ ਦੋਵਾਂ ਪਾਸੋਂ ਚਾਰ ਹੋਰ ਆਕਸੀਜਨ ਸਿਲੰਡਰ, ਪੰਜ ਨਾਈਟ੍ਰੋਜਨ ਸਿਲੰਡਰ ਤੇ ਕਈ ਫਲੋਅ ਮੀਟਰ ਬਰਾਮਦ ਕੀਤੇ ਗਏ ਸਨ।