ਨਵੀਂ ਦਿੱਲੀ, 12 ਮਈ
ਮਥੁਰਾ ਰੋਡ ‘ਤੇ ਸਥਿਤ ਦਿੱਲੀ ਪਬਲਿਕ ਸਕੂਲ ਨੂੰ ਇੱਕ ਈਮੇਲ ਜ਼ਰੀਏ ਇਮਾਰਤ ‘ਚ ਬੰਬ ਲਾਏ ਜਾਣ ਦੀ ਧਮਕੀ ਮਿਲੀ, ਜੋ ਬਾਅਦ ‘ਚ ਫਰਜ਼ੀ ਨਿਕਲੀ। ਪੁਲੀਸ ਨੇ ਦੱਸਿਆ ਕਿ ਇੱਕ ਮਹੀਨੇ ਵਿੱਚ ਦੂਜੀ ਵਾਰ ਸਕੂਲ ਨੂੰ ਅਜਿਹੀ ਧਮਕੀ ਮਿਲੀ ਹੈ। ਈਮੇਲ ਭੇਜਣ ਵਾਲੇ ਵਿਅਕਤੀ ਨੇ ਕਿਹਾ, ”ਮੈਂ 12 ਮਈ ਨੂੰ ਸਵੇਰੇ 11 ਵਜੇ ਸਕੂਲ ਨੂੰ ਬੰਬ ਨਾਲ ਉਡਾਉਣ ਜਾ ਰਿਹਾ ਹਾਂ।” ਸੂਚਨਾ ਮਿਲਣ ਮਗਰੋਂ ਪੁਲੀਸ, ਬੰਬ ਨਿਰੋਧਕ ਦਸਤੇ ਅਤੇ ਸਾਈਬਰ ਸੁਰੱਖਿਆ ਟੀਮ ਨੇ ਸਕੂਲ ਪਹੁੰਚ ਕੇ ਜਾਂਚ ਕੀਤੀ। ਤਕਨੀਕੀ ਜਾਂਚ ਤੋਂ ਪਤਾ ਲੱਗਾ ਕਿ ਜਿਸ ਪਤੇ ਤੋਂ ਈਮੇਲ ਆਈ ਸੀ, ਉਹ ਕਿਸੇ ਵਿਦਿਆਰਥੀ ਦਾ ਸੀ। ਵਿਦਿਆਰਥੀ ਨੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਬੰਬ ਨਿਰੋਧਕ ਦਸਤੇ ਦੀਆਂ ਦੋ ਟੀਮਾਂ ਨੇ ਸੁੰਘਣ ਵਾਲੇ ਕੁੱਤਿਆਂ ਅਤੇ ਸਥਾਨਕ ਸਟਾਫ਼ ਮੈਂਬਰਾਂ ਦੇ ਨਾਲ ਸਕੂਲ ਦੇ ਅਹਾਤੇ ਦੀ ਤਲਾਸ਼ੀ ਲਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। -ਪੀਟੀਆਈ