ਨਵੀਂ ਦਿੱਲੀ: ਦਿੱਲੀ ਪੁਲੀਸ ਨੇ 5ਜੀ ਸੇਵਾਵਾਂ ਤੇ ਕ੍ਰੈਡਿਟ ਕਾਰਡ ਐਕਟੀਵੇਟ ਕਰਨ ਦੇ ਬਹਾਨੇ ਲੋਕਾਂ ਨੂੰ ਠੱਗਣ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਮੁਹੰਮਦ ਜ਼ਾਹਿਦ ਵਜੋਂ ਹੋਈ ਹੈ। ਪਵਨ ਸਿੰਘ ਤੇ ਰਵੀ ਮਿੱਤਲ ਨੂੰ ਕ੍ਰਾਈਮ ਬ੍ਰਾਂਚ ਦੇ ਐਂਟੀ ਗੈਂਗ ਸਕੁਐਡ ਨੇ ਕਤਲ ਦੇ ਇੱਕ ਕੇਸ ਵਿੱਚ ਲੋੜੀਂਦੇ ਜ਼ਾਹਿਦ ਨੂੰ ਛਾਪੇ ਦੌਰਾਨ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਜ਼ਾਹਿਦ ਨੇ ਖੁਲਾਸਾ ਕੀਤਾ ਕਿ ਉਹ ਫਾਸਟੈਗ ਦੀ ਵਰਤੋਂ ਕਰਕੇ ਲੋਕਾਂ ਨੂੰ ਕ੍ਰੈਡਿਟ ਕਾਰਡ ਐਕਟੀਵੇਸ਼ਨ, 5ਜੀ ਸੇਵਾਵਾਂ ਸਮੇਤ ਹੋਰ ਸੇਵਾਵਾਂ ਦੇਣ ਦਾ ਬਹਾਨਾ ਲਗਾ ਕੇ ਉਨ੍ਹਾਂ ਨੂੰ ਠੱਗਦਾ ਸੀ। ਜ਼ਾਹਿਦ ਪਵਨ ਸਿੰਘ ਵੱਲੋਂ ਬਣਾਏ ਫਰਜ਼ੀ ਖਾਤਿਆਂ ਦਾ ਪ੍ਰਬੰਧ ਕਰਦਾ ਸੀ। ਬਾਅਦ ਵਿੱਚ ਇਹ ਰਕਮ ਰਵੀ ਮਿੱਤਲ ਨੂੰ ਟ੍ਰਾਂਸਫਰ ਕੀਤੀ। ਰਵੀ ਹਰਿਆਣਾ ਤੇ ਚੰਡੀਗੜ੍ਹ ਦੇ ਪੈਟਰੋਲ ਤੇ ਸੀਐਨਜੀ ਪੰਪਾਂ ’ਤੇ ਰਕਮ ਨੂੰ ਕੈਸ਼ ਕਰਦਾ ਸੀ ਤੇ ਪੈਸੇ ਆਪਣੇ ਸਾਥੀਆਂ ਨੂੰ ਟਰਾਂਸਫਰ ਕਰਦਾ ਸੀ। -ਪੱਤਰ ਪ੍ਰੇਰਕ