ਨਵੀਂ ਦਿੱਲੀ, 3 ਅਗਸਤ
ਇੱਥੇ ਅੱਜ ਹਲਕਾ ਮੀਂਹ ਪੈਣ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ। ਪੂਰਬੀ ਤੇ ਦੱਖਣੀ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਹਲਕਾ ਮੀਂਹ ਪਿਆ। ਮੌਸਮ ਮਾਹਿਰਾਂ ਨੇ ਦੱਸਿਆ ਕਿ ਦਿੱਲੀ ਵਿੱਚ ਅਗਲੇ ਦੋ ਤੋਂ ਤਿੰਨ ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤ ਦੇ ਮੌਸਮ ਵਿਭਾਗ ਨੇ ਕੌਮੀ ਰਾਜਧਾਨੀ ਵਿੱਚ ਅਗਲੇ ਤਿੰਨ ਦਿਨਾਂ ਤੱਕ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਗਰਮੀ ਨੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਦੁੱਭਰ ਕੀਤਾ ਹੋਇਆ ਸੀ। ਮੌਸਮ ਵਿਗਿਆਨ ਵਿਭਾਗ ਮੁਤਾਬਕ ਸਫਦਰਜੰਗ ਵਿੱਚ ਅੱਜ ਘੱਟੋ-ਘੱਟ ਤਾਪਮਾਨ 27.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਸੀ। ਦਿੱਲੀ ਵਿੱਚ ਬੀਤੇ ਦਿਨ ਹਵਾ ਵਿੱਚ ਨਮੀ ਦਾ ਪੱਧਰ 95 ਫ਼ੀਸਦੀ ਤੱਕ ਵਧਣ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਜ਼ਿਕਰਯੋਗ ਹੈ ਕਿ ਰਾਜਧਾਨੀ ਦਿੱਲੀ ਵਿੱਚ ਜੁਲਾਈ ਵਿੱਚ ਹੁਣ ਤੱਕ 286.3 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ ਜਦਕਿ ਆਮ ਤੌਰ ’ਤੇ ਇਸ ਮਹੀਨੇ ਵਿੱਚ 209.7 ਮਿਲੀਮੀਟਰ ਮੀਂਹ ਪੈਂਦਾ ਹੈ। ਦਿੱਲੀ ਵਿੱਚ ਆਮ ਤੌਰ ’ਤੇ ਅਗਸਤ ਮਹੀਨੇ ਵਿੱਚ ਸਭ ਤੋਂ ਵੱਧ ਮੀਂਹ ਪੈਂਦਾ ਹੈ ਜਦਕਿ ਇਸ ਮਹੀਨੇ ਔਸਤ ਤੌਰ ’ਤੇ 24.7 ਮਿਲੀਮੀਟਰ ਮੀਂਹ ਪਿਆ ਹੈ। -ਪੀਟੀਆਈ