ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਫਰਵਰੀ
ਦਿੱਲੀ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਪਈ। ਭਾਰਤ ਦੇ ਮੌਸਮ ਵਿਭਾਗ ਅਨੁਸਾਰ ਅੱਜ ਸਵੇਰੇ 8.30 ਵਜੇ ਤੱਕ ਧੁੰਦ ਬਣੀ ਰਹੀ। ਪਾਲਮ ਇਲਾਕੇ ਵਿੱਚ ਸਵੇਰੇ 8.30 ਵਜੇ ਵਿਜੀਬਿਲਿਟੀ 50 ਮੀਟਰ ਦੇ ਕਰੀਬ ਸੀ ਜਦਕਿ ਸਫਦਰਜੰਗ ਵਿੱਚ ਵਿਜ਼ੀਬਿਲਟੀ 100 ਮੀਟਰ ਸੀ। ਇਸ ਦੌਰਾਨ ਅੱਜ ਘੱਟੋ-ਘੱਟ ਤਾਪਮਾਨ 6.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਸਾਲ ਦੇ ਇਸ ਸਮੇਂ ਲਈ ਲੰਬੇ ਸਮੇਂ ਦੀ ਔਸਤ ਤੋਂ ਦੋ ਡਿਗਰੀ ਵੱਧ ਹੈ।
ਲਗਾਤਾਰ ਦੂਜੇ ਦਿਨ ਦਿਨ ਦਾ ਤਾਪਮਾਨ ਵੀ ਆਮ ਨਾਲੋਂ ਕਾਫ਼ੀ ਹੇਠਾਂ ਰਿਹਾ। ਵੱਧ ਤੋਂ ਵੱਧ ਤਾਪਮਾਨ 18.1 ਡਿਗਰੀ ਸੈਲਸੀਅਸ ’ਤੇ ਆ ਗਿਆ ਜੋ ਆਮ ਨਾਲੋਂ ਪੰਜ ਡਿਗਰੀ ਘੱਟ ਹੈ। ਸ਼ਨਿਚਰਵਾਰ ਸਵੇਰੇ 8.30 ਵਜੇ ਤਾਪਮਾਨ 9.4 ਡਿਗਰੀ ਸੈਲਸੀਅਸ ਸੀ ਤੇ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਸੀ। ਐਤਵਾਰ ਨੂੰ ਸੰਘਣੀ ਧੁੰਦ ਦੀ ਭਵਿੱਖਬਾਣੀ ਹੈ। ਇੱਕ ਹੋਰ ਪੱਛਮੀ ਗੜਬੜ 9 ਫਰਵਰੀ ਨੂੰ ਦਿੱਲੀ ’ਚ ਬੱਦਲਵਾਈ ਅਤੇ ਹਲਕੀ ਬਾਰਿਸ਼ ਲਿਆ ਸਕਦੀ ਹੈ।
ਦਿੱਲੀ ਵਿੱਚ ‘ਏਕਿਊਆਈ’ ਸ਼ਨਿਚਰਵਾਰ ਨੂੰ ਮੱਧਮ ਸ਼੍ੇਣੀ ’ਚ ਸੀ ਤੇ ਮੀਂਹ ਤੇ ਤੇਜ਼ ਹਵਾਵਾਂ ਕਾਰਨ ਸ਼ੁੱਕਰਵਾਰ ਦੀ ਬਹੁਤ ਮਾੜੀ ਹਵਾ ਦੀ ਗੁਣਵੱਤਾ ਦੀ ਤੁਲਨਾ ’ਚ ਕਾਫ਼ੀ ਸੁਧਾਰ ਹੋਇਆ। ਐਤਵਾਰ ਤੋਂ ਬਾਅਦ ਮੁਕਾਬਲਤਨ ਸ਼ਾਂਤ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਤੇ ਹਵਾ ਦੀ ਗੁਣਵੱਤਾ ਹੌਲੀ-ਹੌਲੀ ਮਾੜੀ ਤੇ ਫਿਰ ਬਹੁਤ ਮਾੜੀ ਹੋ ਜਾਂਦੀ। ਰਾਸ਼ਟਰੀ ਰਾਜਧਾਨੀ ਖੇਤਰ ’ਚ ਹਵਾ ਦੀ ਗੁਣਵੱਤਾ ’ਚ ਵੀ ਕਾਫ਼ੀ ਸੁਧਾਰ ਹੋਇਆ ਹੈ। ਸ਼ਨਿਚਰਵਾਰ ਨੂੰ ਗੁਰੂਗ੍ਰਾਮ ਤੇ ਨੋਇਡਾ ਦੋਵਾਂ ਨੇ ਸਵੇਰੇ ਕ੍ਰਮਵਾਰ ‘ਏਕਿਊਆਈ’ 173 ਤੇ 139 ਦੇ ਨਾਲ ਦਰਮਿਆਨੀ ਸ਼੍ੇਣੀਆਂ ’ਚ ਹਵਾ ਦੀ ਗੁਣਵੱਤਾ ਦਰਜ ਕੀਤੀ।
ਸੰਘਣੀ ਧੁੰਦ ਕਾਰਨ ਨਹਿਰ ਵਿੱਚ ਕਾਰ ਡਿੱਗੀ
ਕਰਨਾਲ/ਪਾਣੀਪਤ (ਸਰਬਜੋਤ ਸਿੰਘ ਦੁੱਗਲ): ਹਰਿਆਣਾ ਦੇ ਪਾਣੀਪਤ ਵਿੱਚ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਧੁੰਦ ਕਾਰਨ ਸੜਕ ਵਿਖਾਈ ਨਾ ਦੇਣ ਕਾਰਨ ਇੱਕ ਆਲਟੋ ਕਾਰ ਬੇਕਾਬੂ ਹੋ ਕੇ ਸਮਾਲਖਾ ਸਥਿਤ ਨਾਮੁੰਡਾ ਨਹਿਰ ਵਿੱਚ ਡਿੱਗ ਗਈ। ਕਾਰ ਵਿੱਚ ਪਤੀ-ਪਤਨੀ ਸਵਾਰ ਸਨ। ਪਤੀ ਤਾਂ ਬਾਹਰ ਨਿਕਲ ਆਇਆ, ਪਰ ਕਾਰ ਸਮੇਤ ਪਤਨੀ ਨਹਿਰ ਵਿੱਚ ਵਹਿ ਗਈ। ਬਾਅਦ ਵਿੱਚ ਪਤੀ ਨੇ ਹਾਦਸੇ ਦੀ ਸੂਚਨਾ ਪੁਲੀਸ ਨੂੰ ਦਿੱਤੀ ਜਿਸ ’ਤੇ ਪੁਲੀਸ ਮੌਕੇ ‘ਤੇ ਪੁੱਜੀ ਅਤੇ ਗੋਤਾਖੋਰਾਂ ਦੀ ਟੀਮ ਬੁਲਾਈ ਗਈ।
ਜਾਣਕਾਰੀ ਮੁਤਾਬਕ, ਸਮਾਲਖਾ ਦੇ ਪਰੜਾਨਾ ਨਿਵਾਸੀ ਜਿਤੇਂਦਰ ਆਪਣੀ ਪਤਨੀ ਸੋਨੀਆ ਨਾਲ ਆਲਟੋ ਕਾਰ ਵਿੱਚ ਕਿਸੇ ਐਮਰਜੈਂਸੀ ਕੰਮ ਲਈ ਦਿੱਲੀ ਜਾ ਰਿਹਾ ਸੀ। ਉਹ ਘਰੋਂ ਕਰੀਬ 4:30 ਵਜੇ ਨਿਕਲੇ ਸਨ। ਸਵੇਰੇ ਸੰਘਣੀ ਧੁੰਦ ਸੀ। ਘਰੋਂ ਨਿਕਲਣ ਦੇ 15 ਮਿੰਟ ਬਾਅਦ ਯਾਨੀ 4:45 ਵਜੇ ਜਦੋਂ ਕਾਰ ਸਮਾਲਖਾ ਦੀ ਨਾਮੁੰਡਾ ਨਹਿਰ ਦੇ ਕਰੀਬ ਪਹੁੰਚੀ ਤਾਂ ਧੁੰਦ ਬਹੁਤ ਜ਼ਿਆਦਾ ਹੋਣ ਕਾਰਨ ਨਾ ਹੀ ਸੜਕ ਅਤੇ ਨਾ ਹੀ ਨਹਿਰ ਵਿਖਾਈ ਦਿੱਤੀ ਤੇ ਜਤੇਂਦਰ ਤੋਂ ਕਾਰ ਬੇਕਾਬੂ ਹੋ ਕੇ ਨਾਮੁੰਡਾ ਨਹਿਰ ਵਿੱਚ ਜਾ ਡਿੱਗੀ।