ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 16 ਜੂਨ
ਕੇਂਦਰ ਸਰਕਾਰ ਦੇ ਫ਼ੌਜ ਵਿੱਚ ਚਾਰ ਸਾਲਾਂ ਲਈ ਨੌਜਵਾਨਾਂ ਨੂੰ ਠੇਕੇ ਉੱਤੇ ਭਰਤੀ ਕਰਨ ਦੇ ਐਲਾਨ ਤੋਂ ਖ਼ਫ਼ਾ ਨੌਜਵਾਨਾਂ ਵੱਲੋਂ ਦਿੱਲੀ ਦੇ ਨਾਂਗਲੋਈ ਰੇਲਵੇ ਸਟੇਸ਼ਨ ਉਪਰ ਇੱਕ ਰੇਲ ਗੱਡੀ ਰੋਕ ਲਈ ਗਈ। ਇਹ ਗੱਡੀ ਕਰੀਬ ਅੱਧਾ ਘੰਟਾ ਉੱਥੇ ਹੀ ਰੁਕੀ ਰਹੀ ਤੇ ਗੁੱਸੇ ਵਿੱਚ ਆਏ ਨੌਂਜਵਾਨ ਰੇਲ ਪੱਟੜੀਆਂ ਮੱਲ ਕੇ ਬੈਠੇ ਰਹੇ। ਉਨ੍ਹਾਂ ਆਪਣੇ ਨਾਲ ਇਨਸਾਫ਼ ਕਰਨ ਦੀ ਮੰਗ ਕਰਦੇ ਹੋਏ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਸਖ਼ਤ ਨਿੰਦਾ ਕੀਤੀ ਕਿ ਤੇ ਉਨ੍ਹਾਂ ’ਤੇ ਨੌਜਵਾਨਾਂ ਨਾਲ ਵਾਅਦਾਖ਼ਿਲਾਫੀ ਕਰਨ ਦਾ ਦੋਸ਼ ਲਾਇਆ। ਰੇਲਵੇ ਸਟੇਸ਼ਨ ਉਤੇ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਮੈਡੀਕਲ ਤੇ ਸਰੀਰਕ ਫਿਟਨੈਂਸ ਟੈਸਟ 2020 ਵਿੱਚ ਪਾਸ ਕਰ ਲਏ ਸਨ ਤੇ ਉਦੋਂ ਕਿਹਾ ਗਿਆ ਕਿ ਤਿੰਨ ਮਹੀਨੇ ਬਾਅਦ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਉਸ ਮਗਰੋਂ ਕਰੋਨਾ ਮਹਾਂਮਾਰੀ ਫੈਲਣ ਕਾਰਨ ਭਰਤੀ ਰੋਕ ਦਿੱਤੀ ਗਈ। ਨੌਜਵਾਨਾਂ ਨੇ ਦੱਸਿਆ ਕਿ ਰਾਜਨਾਥ ਸਿੰਘ ਵੱਲੋਂ ਨੌਜਵਾਨਾਂ ਨੂੰ ‘ਭਰਤੀ ਛੇਤੀ’ ਕਰਨ ਦਾ ਭਰੋਸਾ ਦਿੱਤਾ ਜਾਂਦਾ ਰਿਹਾ ਪਰ ਹੁਣ ਕੇਂਦਰ ਸਰਕਾਰ ਵੱਲੋਂ ਇਹ ਚਾਰ ਸਾਲ ਦੀ ਯੋਜਨਾ ਐਲਾਨ ਦਿੱਤੀ ਗਈ। ਇੱਕ ਨੌਜਵਾਨ ਨੇ ਕਿਹਾ ਕਿ ਚਾਰ ਸਾਲਾਂ ਬਾਅਦ ਉਹ ਕੀ ਕਰਨਗੇ। ਪਹਿਲਾਂ ਹੀ ਟੈਸਟ ਦੀ ਤਿਆਰੀ ਲਈ 80-80 ਹਜ਼ਾਰ ਰੁਪਏ ਕੋਚਿੰਗ ਉਪਰ ਖ਼ਰਚ ਕਰ ਚੁੱਕੇ ਹਨ। ਉਨ੍ਹਾਂ ਦੇ ਮਾਪੇ ਵੀ ਵੱਖ ਦੁਖੀ ਹਨ। ਅਚਾਨਕ ਨੌਜਵਾਨਾਂ ਵੱਲੋਂ ਕੀਤੇ ਗਏ ਇਸ ਗੈਰ-ਸੰਗਿਠਤ ਰੋਸ ਪ੍ਰਦਰਸ਼ਨ ਨਾਲ ਰੇਲਵੇ ਅਧਿਕਾਰੀਆਂ ਲਈ ਪ੍ਰੇਸ਼ਾਨੀ ਹੋ ਗਈ ਤੇ ਇਸ ਕਾਰਨ ਕਈ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ। ਰੋਸ ਪ੍ਰਦਰਸ਼ਨ ਵਿਚ ਦਿੱਲੀ ਦਿਹਾਤੀ ਦੇ ਇਲਾਕਿਆਂ ਦੇ ਨੌਜਵਾਨ ਸ਼ਾਮਲ ਹੋਏ। ਪੁਲੀਸ ਨੇ ਦੱਸਿਆ ਕਿ ਨੌਜਵਾਨਾਂ ਨੇ ਹਰਿਆਣਾ ਦੇ ਜੀਂਦ ਤੋਂ ਪੁਰਾਣੀ ਦਿੱਲੀ ਜਾਣ ਵਾਲੀ ਰੇਲਗੱਡੀ ਨੰਬਰ 04424 ਨੂੰ ਰੋਕਿਆ। ਪੁਲੀਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀਪੂਰਵਕ ਰੇਲਵੇ ਟਰੈਕ ਖਾਲੀ ਕਰਨ ਲਈ ਕਿਹਾ। ਉਥੇ ਜੀਆਰਪੀ ਸਟਾਫ਼ ਵੀ ਮੌਜੂਦ ਸੀ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਬਾਹਰੀ) ਸਮੀਰ ਸ਼ਰਮਾ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਦੋ ਤੋਂ ਤਿੰਨ ਸਾਲ ਪਹਿਲਾਂ ਕੁਝ ਸਰਕਾਰੀ ਨੌਕਰੀਆਂ ਲਈ ਅਪਲਾਈ ਕੀਤਾ ਸੀ ਪਰ ਅਜੇ ਤੱਕ ਭਰਤੀ ਲਈ ਇਮਤਿਹਾਨ ਨਹੀਂ ਲਏ ਗਏ ਹਨ ਤੇ ਉਹ ਹੁਣ ਘੱਟੋ-ਘੱਟ ਯੋਗਤਾ ਦੀ ਉਮਰ ਨੂੰ ਪਾਰ ਕਰ ਚੁੱਕੇ ਹਨ।
‘ਫੌਜ ਦੇਵੇਗੀ ਸਿਖਲਾਈ, ਸਰਮਾਏਦਾਰ ਲੈਣਗੇ ਸੇਵਾ’: ‘ਯੁਵਾ ਹੱਲਾ ਬੋਲ’
ਨਵੀਂ ਦਿੱਲੀ (ਪੱਤਰ ਪ੍ਰੇਰਕ): ਦੇਸ਼ ‘ਚ ਬੇਰੁਜ਼ਗਾਰੀ ਨੂੰ ਰਾਸ਼ਟਰੀ ਬਹਿਸ ਦਾ ਵਿਸ਼ਾ ਬਣਾਉਣ ਵਾਲੇ ‘ਯੁਵਾ ਹੱਲਾ ਬੋਲ’ ਦੇ ਅਨੁਪਮ ਨੇ ਕਿਹਾ ਕਿ ਫੌਜ ਵਿੱਚ ਭਰਤੀ 3 ਸਾਲਾਂ ਤੋਂ ਰੁਕੀ ਹੋਈ ਹੈ ਜਦਕਿ ਫੌਜ ਵਿੱਚ 1 ਲੱਖ ਤੋਂ ਵੱਧ ਅਸਾਮੀਆਂ ਖਾਲੀ ਹਨ। ਸਰਕਾਰ ਦੀ ਅਣਗਹਿਲੀ ਕਾਰਨ ਫੌਜ ਵਿੱਚ ਭਰਤੀ ਹੋਣ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਦੀ ਉਮਰ ਬੀਤਦੀ ਜਾ ਰਹੀ ਹੈ। ਇੱਕ ਪਾਸੇ ਨੌਜਵਾਨ ਨਿਰਾਸ਼ਾ ਦੇ ਆਲਮ ਵਿੱਚ ਖੁਦਕੁਸ਼ੀਆਂ ਕਰਨ ਲੱਗ ਪਏ ਹਨ ਅਤੇ ਦੂਜੇ ਪਾਸੇ ਰੋਹ ਵੀ ਵਧਦਾ ਜਾ ਰਿਹਾ ਹੈ। ਅਜਿਹੇ ਵਿੱਚ ਹੁਣ ਮੋਦੀ ਸਰਕਾਰ ਇੱਕ ਨਵੀਂ ਯੋਜਨਾ ਲੈ ਕੇ ਆਈ ਹੈ। ‘ਅਗਨੀਪਥ’ ਨਾਮ ਦੀ ਇਸ ਯੋਜਨਾ ਤਹਿਤ 4 ਸਾਲ ਲਈ ਫੌਜ ਵਿੱਚ ਭਰਤੀ ਹੋਵੇਗੀ। ਮਤਲਬ ਹੁਣ ਦੇਸ਼ ਦੀ ਸੁਰੱਖਿਆ ਵੀ ਠੇਕੇ ’ਤੇ ਦੇਣ ਦੀ ਤਿਆਰੀ ਹੈ। ਅਨੁਪਮ ਨੇ ਦੱਸਿਆ ਕਿ ਇਸ ਯੋਜਨਾ ਰਾਹੀਂ ਫੌਜ ਵੱਲੋਂ ਸਿਖਲਾਈ ਪ੍ਰਾਪਤ ਬੇਰੁਜ਼ਗਾਰਾਂ ਦੀ ਫੌਜ ਤਿਆਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਰਮਾਏਦਾਰਾਂ ਦੇ ਅਦਾਰਿਆਂ ਨੂੰ ਸੁਰੱਖਿਆ ਦੇਣ ਲਈ ਜਵਾਨਾਂ ਦੀ ਫੌਜ ਤਿਆਰ ਕੀਤੀ ਜਾਵੇਗੀ। ਮਤਲਬ ਫੌਜ ਸਿਖਲਾਈ ਦੇਵੇਗੀ ਅਤੇ ਸਰਮਾਏਦਾਰ ਸੇਵਾ ਲੈਣਗੇ। ਅਜਿਹੇ ਸਮੇਂ ਵਿੱਚ ਜਦੋਂ ਭਾਰਤ ਦੀ ਸਰਹੱਦ ਹਰ ਪਾਸਿਓਂ ਖਤਰੇ ਵਿੱਚ ਹੈ, ਅਜਿਹੀ ਕੋਈ ਯੋਜਨਾ ਲੈਣਾ ਕੌਮੀ ਸੁਰੱਖਿਆ ਦੇ ਹਿੱਤ ਵਿੱਚ ਵੀ ਨਹੀਂ ਹੈ। ਅਨੁਪਮ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨਾਲ ਹੀ ਨਹੀਂ ਸਗੋਂ ਫੌਜ ਅਤੇ ਦੇਸ਼ ਨਾਲ ਵੀ ਖਿਲਵਾੜ ਕਰ ਰਹੀ ਹੈ।
ਫ਼ਰੀਦਾਬਾਦ ਵਿੱਚ ਧਾਰ 144 ਲਾਗੂ
ਫਰੀਦਾਬਾਦ(ਪੱਤਰ ਪ੍ਰੇਰਕ): ਤਾਜ਼ਾ ਘਟਨਾਕ੍ਰਮ ਦੇ ਮੱਦੇਨਜ਼ਰ ਫਰੀਦਾਬਾਦ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪੁਲੀਸ ਕਮਿਸ਼ਨਰ ਨੇ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਪੁਲੀਸ ਦੰਗਾਕਾਰੀਆਂ ਨਾਲ ਸਖ਼ਤੀ ਨਾਲ ਨਜਿੱਠੇਗੀ ਅਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਕਾਨੂੰਨ ਤਹਿਤ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਪੁਲੀਸ ਬੁਲਾਰੇ ਸੂਬਾ ਸਿੰਘ ਨੇ ਦੱਸਿਆ ਕਿ ਪੁਲੀਸ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਸਾਰੀਆਂ ਅਹਿਮ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਾਏ ਗਏ ਹਨ। ਜੇ ਕੋਈ ਵਿਅਕਤੀ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਸੀਸੀਟੀਵੀ ਫੁਟੇਜ ਅਤੇ ਵੀਡੀਓਗ੍ਰਾਫੀ ਰਾਹੀਂ ਭੰਨਤੋੜ ਜਾਂ ਹਿੰਸਾ ਕਰਨ ਵਾਲਿਆਂ ਖਿਲਾਫ ਕੇਸ ਦਰਜ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਕਮਿਸ਼ਨਰ ਨੇ ਹਦਾਇਤ ਕੀਤੀ ਹੈ ਕਿ ਨੈਸ਼ਨਲ ਹਾਈਵੇਅ ਨੂੰ ਕਿਸੇ ਵੀ ਹਾਲਤ ਵਿੱਚ ਜਾਮ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜੇ ਕੋਈ ਨੈਸ਼ਨਲ ਹਾਈਵੇਅ ਜਾਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਖ਼ਿਲਾਫ਼ ਨੈਸ਼ਨਲ ਹਾਈਵੇਅ ਐਕਟ ਤਹਿਤ ਕੇਸ ਦਰਜ ਕੀਤਾ ਜਾਵੇਗਾ, ਜਿਸ ਵਿੱਚ ਵੱਧ ਦੀ ਕੈਦ 5 ਸਾਲ ਤੱਕ ਦੀ ਵਿਵਸਥਾ ਹੈ।