ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਜੂਨ
ਕੌਮੀ ਰਾਜਧਾਨੀ ਦਿੱਲੀ ਵਿੱਚ ਪ੍ਰੀ ਮੌਨਸੂਨ ਦੇ ਦਾਖ਼ਲ ਹੋਣ ਨਾਲ ਸਵੇਰੇ ਦਿੱਲੀ ਐਨਸੀਆਰ ਦੇ ਲੋਕ ਹਨੇਰੀ ਤੇ ਮੀਂਹ ਦੀ ਦਸਤਕ ਨਾਲ ਜਾਗੇ। ਇਸ ਹਲਕੇ ਮੀਂਹ ਨੇ ਦਿੱਲੀ ਸਰਕਾਰ ਤੇ ਦਿੱਲੀ ਨਗਰ ਨਿਗਮ ਦੀ ਪਾਣੀ ਭਰਨ ਤੋਂ ਤਿਆਰੀਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਬਾਰਾਂਪੁੱਲਾ ਫਲਾਈਓਵਰ ਦੇ ਇਕ ਹਿੱਸੇ ਵਿੱਚ ਹਲਕੇ ਮੀਂਹ ਦਾ ਪਾਣੀ ਭਰ ਗਿਆ ਜਿਸ ਕਰਕੇ ਇਸ ਪੁੱਲ ਉਪਰ ਕਾਰਾਂ ਦੀ ਲੰਬੀ ਕਤਾਰ ਲੱਗ ਗਈ। ਹਾਲਾਂ ਕਿ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਪਰ ਸਵੇਰੇ ਉਨ੍ਹਾਂ ਨੂੰ ਕਈ ਥਾਵਾਂ ਉਪਰ ਭਰੇ ਪਾਣੀ ਵਿੱਚੋਂ ਲੰਘਣਾ ਪਿਆ। ਕਈ ਇਲਾਕਿਆਂ ਵਿੱਚ ਪੈਦਲ ਜਾਣ ਲਈ ਵੀ ਰਾਹ ਨਹੀਂ ਬਚਿਆ। ਬਾਰਾਂਪੁੱਲਾ ਫਲਾਈਓਵਰ ਉਪਰ ਜਾਮ ਦਾ ਅਸਰ ਆਈਐਨਏ ਤਕ ਪਿਆ ਤੇ ਉੱਥੇ ਵੀ ਜਾਮ ਵਾਲੀ ਹਾਲਤ ਬਣ ਗਈ। ਬੁਰਾੜੀ ਵਿੱਚ ਵੀ ਪਾਣੀ ਭਰ ਗਿਆ। ਦਿੱਲੀ ਦੀਆਂ ਵੱਡੀਆਂ ਸੜਕਾਂ ਦੀ ਸਫ਼ਾਈ ਦੀ ਜ਼ਿੰੰਮੇਵਾਰੀ ਦਿੱਲੀ ਸਰਕਾਰ ਦੀ ਹੈ ਤੇ ਦਿੱਲੀ ਨਗਰ ਨਿਗਮ ਤਹਿਤ ਵੀ ਸੜਕਾਂ ਆਉਂਦੀਆਂ ਹਨ ਜਿਨ੍ਹਾਂ ਦੀ ਸਫ਼ਾਈ ਅਜੇ ਤਕ ਨਹੀਂ ਕੀਤੀ ਗਈ। ਵੱਡੇ ਨਾਲਿਆਂ ਦੀ ਸਫ਼ਾਈ ਵੀ ਅਜੇ ਹੋਣੀ ਬਾਕੀ ਹੈ। ਦਿੱਲੀ ਸਰਕਾਰ ਕਰੋਨਾ ਸੰਕਟ ਵਿੱਚ ਉਲਝੀ ਹੋਈ ਹੈ ਪਰ ਦਿੱਲੀ ਨਗਰ ਨਿਗਮ ਨੇ ਵੀ ਸਫ਼ਾਈ ਨਹੀਂ ਕੀਤੀ।