ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 8 ਅਗਸਤ
ਦਿੱਲੀ ਐਨਸੀਆਰ ਦੇ ਕਈ ਇਲਾਕਿਆਂ ਵਿੱਚ ਸਵੇਰੇ ਤੋਂ ਰੁਕ-ਰੁਕ ਕੇ ਮੀਂਹ ਜਾਰੀ ਰਿਹਾ। ਇਸ ਨਾਲ ਲੋਕਾਂ ਦਾ ਐਤਵਾਰ ਦੀ ਛੁੱਟੀ ਦਾ ਦਿਨ ਸੁਹਾਵਣਾ ਬੀਤਿਆ। ਦਿੱਲੀ ਦੇ ਹਰੇ-ਭਰੇ ਮੈਦਾਨਾਂ ਅਤੇ ਪਾਰਕਾਂ ਵਿੱਚ ਲੋਕਾਂ ਦੀ ਆਮ ਦਿਨਾਂ ਨਾਲੋਂ ਕੁੱਝ ਜ਼ਿਆਦਾ ਭੀੜ ਦੇਖੀ ਗਈ। ਮੌਸਮ ਵਿਭਾਗ ਵੱਲੋਂ ‘ਸੰਤਰੀ ਐਲਟਰ’ ਜਾਰੀ ਕੀਤਾ ਗਿਆ ਸੀ ਜਿਸ ਮੁਤਾਬਕ ਦਰਮਿਆਨਾ ਮੀਂਹ ਦਿੱਲੀ ਵਿੱਚ ਜਾਰੀ ਸੀ।
ਮੀਂਹ ਨਾਲ ਐਨਸੀਆਰ ਦਾ ਪ੍ਰਦੂਸ਼ਣ ਦਾ ਪੱਧਰ ਸੁਧਰ ਗਿਆ ਹੈ। ਦਿੱਲੀ ਦਾ ਪ੍ਰਦੂਸ਼ਣ ਸੂਚਕ ਅੰਕ 101, ਗੁਰੂਗਰਾਮ ਦਾ 111, ਫ਼ਰੀਦਾਬਾਦ ਦਾ 87, ਗਾਜ਼ੀਆਬਾਦ 96, ਗ੍ਰੇਟਰ ਨੋਇਡਾ 100 ਤੇ ਨੋਇਡਾ ਦੀ ਹਵਾ ਸ਼ੁੱਧਤਾ 91 ਮਾਪੀ ਗਈ। ਇਸੇ ਦੌਰਾਨ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਤੇ ਘੱਟ ਤੋਂ ਘੱਟ 26.8 ਡਿਗਰੀ ਮਾਪਿਆ ਗਿਆ।
ਦਿੱਲੀ ਵਿੱਚ 7 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਸੀ। ਰਿਜ ਦੇ ਇਲਾਕੇ ਵਿੱਚ 55 ਮਿਲੀਮੀਟਰ, ਪੀਤਮਪੁਰਾ ਵਿਚ 16 ਮਿਲੀਮੀਟਰ ਮੀਂਹ ਪਿਆ। ਟਰੈਫਿਕ ਪੁਲੀਸ ਵੱਲੋਂ ਦੱਸਿਆ ਗਿਆ ਕਿ ਰਾਜਧਾਨੀ ਮੈਟਰੋ ਸਟੇਸ਼ਨ ਤੋਂ ਮੁੰਡਕਾ ਤੇ ਟਿਕਰੀ ਤੋਂ ਪੀਰਾਗੜ੍ਹ ਦੋਵੇਂ ਪਾਸੇ ਸੜਕ ਉੱਪਰ ਪਾਣੀ ਭਰ ਗਿਆ ਜਿਸ ਕਾਰਨ ਇਲਾਕੇ ਦੀ ਟ੍ਰੈਫਿਕ ਵਿਵਸਥਾ ਵਿਗੜ ਗਈ। ਹੋੋਰ ਸੜਕਾਂ ਉੱਪਰ ਵੀ ਪਾਣੀ ਭਰ ਗਿਆ ਸੀ। ਹਾਲਾਂਕਿ ਐਤਵਾਰ ਨੂੰ ਛੁੱਟੀ ਹੋਣ ਕਰ ਕੇ ਸੜਕਾਂ ਉੱਪਰ ਜਾਮ ਵਾਲੇ ਹਾਲਾਤ ਜ਼ਿਆਦਾ ਨਜ਼ਰ ਨਹੀਂ ਆਏ ਜੋ ਬੀਤੇ ਦਿਨ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਨਜ਼ਰ ਆਏ ਸਨ। ਐਨਸੀਆਰ ਦੇ ਇਲਾਕਿਆਂ ਵਿੱਚ ਵੀ ਮੀਂਹ ਦੀ ਦਸਤਕ ਜਾਰੀ ਰਹੀ।