ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਸਤੰਬਰ
ਬਾਅਦ ਦੁਪਹਿਰੇ ਦਿੱਲੀ ਐਨਸੀਆਰ ਵਿੱਚ ਪਏ ਮੀਂਹ ਨਾਲ ਕੌਮੀ ਰਾਜਧਾਨੀ ਦਾ ਮੌਸਮ ਸੁਹਾਵਣਾ ਹੋ ਗਿਆ। ਸ਼ਾਮ ਨੂੰ ਕਈ ਥਾਵਾਂ ਉਪਰ ਮੀਂਹ ਮਗਰੋਂ ਜਾਮ ਦੇ ਹਾਲਤ ਵੀ ਦੇਖੇ ਗਏ। ਦਿਨ ਵੇੇਲੇ ਸੂਰਜ ਚਮਕ ਰਿਹਾ ਸੀ ਪਰ ਸ਼ਾਮ ਢਲ਼ਦੇ ਹੀ ਅਸਮਾਨ ਉਪਰ ਬੱਦਲ ਛਾ ਗਏ। ਮੀਂਹ ਨਾਲ ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਘੱਟ ਗਈ ਦਿੱਲੀ ਦਾ ਹਵਾ ਸ਼ੁੱਧਤਾ ਸੂਚਕ ਅੰਕ ਮਾੜੀ ਸ਼੍ਰੇਣੀ ਤੋਂ ਸ਼ਾਮ ਨੂੰ ਸੁਧਰ ਗਿਆ ਕਿਉਂਕਿ ਕਰੀਬ ਅੱਧਾ ਘੰਟਾ ਮੀਂਹ ਪਿਆ। ਭਾਰਤੀ ਮੌਸਮ ਵਿਭਾਗ ਵੱਲੋਂ ਬੀਤੇ ਦਿਨ ਐਲਾਨ ਕੀਤਾ ਗਿਆ ਸੀ ਕਿ ਅਗਲੇ ਦੋ-ਤਿੰਨ ਦਿਨਾਂ ਵਿੱਚ ਉੱਤਰੀ ਹਿੱਸੇ ਵਿੱਚੋਂ ਮੌਨਸੂਨ ਰੁਖ਼ਸਤ ਹੋਣ ਲੱਗੇਗਾ। ਅੱਜ ਸ਼ਾਮ ਨੂੰ ਪਏ ਮੀਂਹ ਨਾਲ ਤਾਪਮਾਨ ਹੇਠਾਂ ਸਰਕ ਗਿਆ ਤੇ ਮੌਸਮ ਠੰਢਾ ਹੋ ਗਿਆ। ਲੋਕਾਂ ਨੇ ਇਸ ਮੀਂਹ ਦਾ ਆਨੰਦ ਲਿਆ। ਸ਼ਾਮ ਵੇਲੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ।