ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਸਤੰਬਰ
ਯਮੁਨਾ ਨਦੀ ਦੇ ਪਾਣੀ ਦੇ ਪੱਧਰ ਵਿੱਚ ਕੁਝ ਕਮੀ ਆਉਣ ਕਾਰਨ ਕਰੀਬ 27 ਘੰਟਿਆਂ ਬਾਅਦ ਲੋਹੇ ਦੇ ਪੁਲ ਤੋਂ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਪੁਲ ਖੋਲ੍ਹਣ ਤੋਂ ਬਾਅਦ ਅੰਮ੍ਰਿਤਸਰ-ਜਯਾਨਗਰ ਹਮਸਫਰ ਐਕਸਪ੍ਰੈਸ ਉੱਥੋਂ ਲੰਘੀ। ਇਸ ਤੋਂ ਬਾਅਦ ਪੁਰਾਣੀ ਦਿੱਲੀ ਤੋਂ ਸ਼ਾਹਦਰਾ ਦੇ ਰਸਤੇ ਗਾਜ਼ੀਆਬਾਦ ਜਾਣ ਵਾਲੀਆਂ ਹੋਰ ਰੇਲ ਗੱਡੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਅਧਿਕਾਰੀਆਂ ਨੇ ਕਿਹਾ ਕਿ ਯਮੁਨਾ ਦੇ ਪਾਣੀ ਦੇ ਪੱਧਰ ’ਤੇ ਨਜ਼ਰ ਰੱਖੀ ਜਾ ਰਹੀ ਹੈ। ਫਿਲਹਾਲ ਇਸ ਕਾਰਨ ਰੇਲ ਗੱਡੀਆਂ ਚਲਾਉਣ ਵਿੱਚ ਕੋਈ ਦਿੱਕਤ ਨਹੀਂ ਆ ਰਹੀ। ਵੀਰਵਾਰ ਨੂੰ ਦਿੱਲੀ-ਮੁਰਾਦਾਬਾਦ ਸਪੈਸ਼ਲ (04350), ਦਿੱਲੀ ਸ਼ਾਮਲੀ ਐਕਸਪ੍ਰੈਸ ਸਪੈਸ਼ਲ (01620)ਤੇ ਕਾਲਕਾ-ਦਿੱਲੀ ਐਕਸਪ੍ਰੈਸ (14332) ਰੱਦ ਰੱਦ ਕਰ ਦਿੱਤੀਆਂ ਗਈਆਂ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਸ ਪੁਲ ਤੋਂ ਰੇਲ ਗੱਡੀਆਂ ਧੀਮੀ ਰਫ਼ਤਾਰ ਨਾਲ ਲੰਘੀਆਂ। ਮੰਗਲਵਾਰ ਸ਼ਾਮ 4.17 ਵਜੇ ਲੋਹੇ ਦੇ ਪੁਲ ਤੋਂ ਰੇਲਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਗਈ। ਲੰਬੀ ਦੂਰੀ ਦੀਆਂ ਰੇਲ ਗੱਡੀਆਂ ਤਿਲਕ ਪੁਲ, ਨਵੀਂ ਦਿੱਲੀ ਰਾਹੀਂ ਚਲਾਈਆਂ ਜਾ ਰਹੀਆਂ ਸਨ, ਜ਼ਿਆਦਾਤਰ ਲੋਕਲ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ। ਹੁਣ ਪੁਲ ਤੋਂ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ ਹੋਣ ਨਾਲ ਮੁਸਾਫ਼ਰਾਂ ਦੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ।
ਦਿੱਲੀ-ਐਨਸੀਆਰ ਵਿੱਚ ਇੱਕ ਵਾਰ ਫਿਰ ਬੇਮੌਸਮੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਇਆਨ ਤੂਫਾਨ ਦੇ ਪ੍ਰਭਾਵ ਕਾਰਨ ਅਗਲੇ ਕੁਝ ਦਿਨਾਂ ਵਿੱਚ ਦਿੱਲੀ-ਐੱਨਸੀਆਰ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਪੂਰਾ ਹਫ਼ਤਾ ਮੀਂਹ ਨਾ ਪੈਣ ਦੀ ਭਵਿੱਖਬਾਣੀ ਕੀਤੀ ਹੈ ਪਰ ਇਆਨ ਤੂਫ਼ਾਨ ਕਾਰਨ ਹੀ ਮੀਂਹ ਪਵੇਗਾ।
ਮੌਸਮ ਵਿਭਾਗ ਮੁਤਾਬਕ ਦਿੱਲੀ-ਐਨਸੀਆਰ ਵਿੱਚ 4, 5 ਤੇ 6 ਅਕਤੂਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਐਨਸੀਆਰ ਦੇ ਸ਼ਹਿਰਾਂ ਵਿੱਚ ਹਵਾ ਗੁਣਵੱਤਾ ਸੂਚਕਾਂਕ ਵਿੱਚ ਤੇਜ਼ੀ ਨਾਲ ਵਾਧਾ ਹੋਣ ਦੀ ਸੰਭਾਵਨਾ ਹੈ। ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕਾਂਕ 170 ਦੇ ਨੇੜੇ ਪਹੁੰਚ ਗਿਆ ਹੈ ਤੇ ਵਧਦੇ ਰਹਿਣ ਦੀ ਉਮੀਦ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਅਗਲੇ ਦੋ ਦਿਨਾਂ ਤੱਕ ਹਵਾ ਦੀ ਗੁਣਵੱਤਾ ਮੱਧਮ ਸ਼੍ਰੇਣੀ ਵਿੱਚ ਰਹੇਗੀ। ਦਿੱਲੀ-ਐਨਸੀਆਰ ਵਿੱਚ ਮੌਨਸੂਨ 2022 ਹੁਣ ਕੁਝ ਘੰਟਿਆਂ ਦਾ ਮਹਿਮਾਨ ਹੈ। ਅਗਲੇ ਘੰਟਿਆਂ ਦੌਰਾਨ ਮੌਨਸੂਨ ਦਿੱਲੀ-ਐਨਸੀਆਰ ਤੋਂ ਪੂਰੀ ਤਰ੍ਹਾਂ ਰਵਾਨਾ ਹੋ ਜਾਵੇਗਾ।