ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਸਤੰਬਰ
ਦਿੱਲੀ ਵਿੱਚ ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ 206 ਮੀਟਰ ਦੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਜਾਣ ਮਗਰੋਂ ਹੁਣ ਘਟਣਾ ਸ਼ੁਰੂ ਹੋ ਗਿਆ ਹੈ। ਇਸ ਨਾਲ ਹਰਿਆਣਾ ਨੇ ਹਥਨੀਕੁੰਡ ਤੋਂ ਪਾਣੀ ਦਾ ਵਹਾਅ ਘਟਾ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਅਗਲੇ ਦੋ-ਤਿੰਨ ਦਿਨਾਂ ਵਿੱਚ ਯਮੁਨਾ ਦੇ ਪਾਣੀ ਦਾ ਪੱਧਰ ਹੋਰ ਹੇਠਾਂ ਆਉਣ ਦੀ ਉਮੀਦ ਹੈ ਕਿਉਂਕਿ ਨਦੀ ਦੇ ਉਪਰਲੇ ਖੇਤਰ ਜਾਂ ਦਿੱਲੀ ਵਿੱਚ ਕੋਈ ਖਾਸ ਬਾਰਿਸ਼ ਨਹੀਂ ਹੋਈ ਹੈ। ਦਿੱਲੀ ਵਿੱਚ ਮੰਗਲਵਾਰ ਨੂੰ ਯਮੁਨਾ ਵਿੱਚ ਦਰਿਆ ਦੇ ਕਿਨਾਰਿਆਂ ਦੇ ਨਾਲ ਨੀਵੇਂ ਇਲਾਕਿਆਂ ਵਿੱਚ ਹੜ੍ਹ ਆ ਗਿਆ। ਇਸ ਨਾਲ ਅਧਿਕਾਰੀਆਂ ਨੂੰ ਲਗਪਗ 6,500 ਲੋਕਾਂ ਨੂੰ ਕੱਢਣ ਅਤੇ ਪੁਰਾਣੇ ਯਮੁਨਾ ਪੁਲ ’ਤੇ ਰੇਲ ਆਵਾਜਾਈ ਨੂੰ ਮੁਅੱਤਲ ਕਰਨ ਲਈ ਕਿਹਾ ਗਿਆ। ਨਦੀ ਵਿੱਚ ਪਾਣੀ ਦਾ ਪੱਧਰ ਸਵੇਰੇ 7 ਵਜੇ ਤੱਕ 206.59 ਮੀਟਰ ਤੱਕ ਪਹੁੰਚ ਗਿਆ ਜੋ ਕਿ 205.33 ਮੀਟਰ ਦੇ ਖਤਰੇ ਦੇ ਨਿਸ਼ਾਨ ਤੋਂ ਬਹੁਤ ਉੱਪਰ ਹੈ ਤੇ ਅਗਸਤ 2019 ਤੋਂ ਬਾਅਦ ਸਭ ਤੋਂ ਉੱਚਾ ਹੈ। ਇਹ ਸਵੇਰੇ 8 ਵਜੇ ਤੱਕ 206.58 ਮੀਟਰ ਤੇ ਬਾਅਦ ਦੁਪਹਿਰ 3 ਵਜੇ ਤੱਕ 206.41 ਮੀਟਰ ਤੱਕ ਹੇਠਾਂ ਆ ਗਿਆ। ਕੇਂਦਰੀ ਜਲ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ ਸੂਚਨਾ ਵਿੱਚ ਰਾਤ 9 ਵਜੇ ਤੱਕ ਪਾਣੀ ਦਾ ਪੱਧਰ 206.05 ਮੀਟਰ ਤੱਕ ਡਿੱਗਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਭਾਵਿਤ ਨੀਵੇਂ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਸਿਵਲ ਡਿਫੈਂਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਹੈ ਤਾਂ ਜੋ ਲੋਕਾਂ ਨੂੰ ਆਪਣੇ ਘਰਾਂ ਵਿੱਚ ਵਾਪਸ ਜਾਣ ਤੋਂ ਰੋਕਿਆ ਜਾ ਸਕੇ ਜਦੋਂ ਤੱਕ ਪਾਣੀ ਦਾ ਪੱਧਰ ਆਮ ਸਤਹਿ ’ਤੇ ਨਹੀਂ ਆ ਜਾਂਦਾ, ਉਦੋਂ ਤੱਕ ਉਥੇ ਕਿਸੇ ਨੂੰ ਜਾਣ ਨਹੀਂ ਦਿੱਤਾ ਜਾਵੇਗਾ। ਪੂਰਬੀ ਦਿੱਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਨਿਲ ਬਾਂਕਾ ਨੇ ਕਿਹਾ ਕਿ ਦਿੱਲੀ ਪ੍ਰਸ਼ਾਸਨ ਨੂੰ ਲਗਭਗ 6,500 ਲੋਕਾਂ ਨੂੰ ਬਾਹਰ ਕੱਢਣਾ ਪਿਆ ਅਤੇ ਉਨ੍ਹਾਂ ਨੂੰ ਕਮਿਊਨਿਟੀ ਸੈਂਟਰਾਂ, ਸਕੂਲਾਂ ਅਤੇ ਅਸਥਾਈ ਤੰਬੂਆਂ ਵਿੱਚ ਲਿਜਾਣਾ ਪਿਆ ।