ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਸਤੰਬਰ
ਕਿਸਾਨ ਜਥੇਬੰਦੀਆਂ ਤੇ ਕਰਨਾਲ ਪ੍ਰਸ਼ਾਸਨ ਵਿਚਾਲੇ ਹੋਏ ਸਮਝੌਤੇ ਦਾ ਅਸਰ ਦਿੱਲੀ ਦੇ ਮੋਰਚਿਆਂ ’ਤੇ ਦਿਖਾਈ ਦਿੱਤਾ ਹੈ। ਅੱਜ ਦੇ ਸਮਝੌਤੇ ਨਾਲ ਦਿੱਲੀ ਦੀਆਂ ਹੱਦਾਂ ’ਤੇ ਡਟੇ ਕਿਸਾਨਾਂ ਵਿੱਚ ਜੋਸ਼ ਭਰ ਗਿਆ ਹੈ। ਇਸ ਤੋਂ ਪਹਿਲਾਂ ਮੁਜ਼ੱਫਰਨਗਰ ਦੀ ਕਿਸਾਨ ਮਹਾਪੰਚਾਇਤ ਦੇ ਭਾਰੀ ਇਕੱਠ ਨੇ ਦਿੱਲੀ ਮੋਰਚਿਆਂ ਵਿੱਚ ਨਵੀਂ ਰੂਹ ਫੂਕ ਦਿੱਤੀ ਸੀ। ਕਿਸਾਨੀ ਮੋਰਚੇ ਦੌਰਾਨ ਬੀਕੇਯੂ ਡਕੌਂਦਾ ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕਿਸਾਨ ਏਕੇ ਦੀ ਕਿਵੇਂ ਜਿੱਤ ਹੁੰਦੀ ਹੈ ਇਹ ਕਰਨਾਲ ਦੇ ਧਰਨੇ ਨੇ ਸਾਬਤ ਕਰ ਦਿੱਤਾ ਹੈ। ਕਿਸਾਨ ਆਗੂ ਕੰਵਲਜੀਤ ਸਿੰਘ ਸੇਖੋਂ ਨੇ ਕਿਹਾ ਕਿ ਹੱਕਾਂ ਲਈ ਗੰਭੀਰਤਾ ਨਾਲ ਲੜੇ ਜਾਂਦੇ ਘੋਲ ਹਮੇਸ਼ਾ ਹੀ ਸਮਾਜਕ ਤਬਦੀਲੀ ਦਾ ਮੁੱਢ ਬੰਨ੍ਹਦੇ ਆਏ ਹਨ। ਕੰਵਲਪ੍ਰੀਤ ਸਿੰਘ ਪੰਨੂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਕਿਸਾਨਾਂ ਨਾਲ ਟਕਰਾਉਣ ਦੇ ਨਤੀਜੇ ਉਸ ਲਈ ਸੁਖਾਵੇਂ ਨਹੀਂ ਹੋਣਗੇ। ਕਿਰਤੀ ਕਿਸਾਨ ਯੂਨੀਅਨ ਦੇ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਆਰਐੱਸਐੱਸ ਦੀ ਕਿਸਾਨਾਂ ਨੂੰ ਵੰਡਣ ਦੀ ਹਰ ਚਾਲ ਪੁੱਠੀ ਪੈਣ ਲੱਗੀ ਹੈ। ਬੀਕੇਯੂ ਕਾਦੀਆਂ ਦੇ ਆਗੂ ਅਮਰੀਕ ਸਿੰਘ ਨਿੱਝਰ ਨੇ ਕਿਹਾ ਕਿ ਸਿੰਘੂ ਤੇ ਗਾਜੀਪੁਰ ਮੋਰਚੇ ਤੇ ਕਿਸਾਨਾਂ ਵਿੱਚ ਗ਼ਜ਼ਬ ਦਾ ਉਤਸ਼ਾਹ ਰਿਹਾ। ਉਨ੍ਹਾਂ ਕਿਹਾ ਕਿ ਮੀਂਹ ਦੇ ਬਾਵਜੂਦ ਮੋਰਚਿਆਂ ਵਿੱਚ ਕਿਸਾਨਾਂ ਦਾ ਉਤਸ਼ਾਹ ਮੱਠਾ ਨਹੀਂ ਪਿਆ।