ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਅਗਸਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਹਰੀ ਨਗਰ ਸਕੂਲ ਦੇ ਮਾਮਲੇ ਵਿਚ ਰਾਊਜ਼ ਐਵੇਨਿਊ ਕੋਰਟ ਵੱਲੋਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੇ ਹੁਕਮਾਂ ’ਤੇ ਰੋਕ ਲਗਾਉਣਾ, ਮਨਜੀਤ ਸਿੰਘ ਜੀਕੇ ਤੇ ਉਨ੍ਹਾਂ ਦੇ ਸਾਥੀਆਂ ਦੇ ਮੂੰਹ ’ਤੇ ਕਰਾਰੀ ਚਪੇੜ ਹੈ। ਅਦਾਲਤੀ ਹੁਕਮਾਂ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਕੇ ਸੱਚਾਈ ਸੰਗਤ ਸਾਹਮਣੇ ਲਿਆ ਦਿੱਤੀ ਹੈ। ਪ੍ਰੈੱਸ ਕਾਨਫਰੰਸ ਵਿਚ ਕਾਲਕਾ ਤੇ ਕਾਹਲੋਂ ਨੇ ਅਵਤਾਰ ਸਿੰਘ ਹਿੱਤ ਦੀ ਉਹ ਵੀਡੀਓ ਮੀਡੀਆ ਸਾਹਮਣੇ ਵਿਖਾਈ, ਜਿਸ ਵਿਚ ਉਨ੍ਹਾਂ ਆਖਿਆ ਸੀ ਕਿ 4.4.2016 ਨੂੰ ਦਿੱਲੀ ਕਮੇਟੀ ਦਾ ਪ੍ਰਧਾਨ ਹੁੰਦਿਆਂ ਮਨਜੀਤ ਸਿੰਘ ਜੀਕੇ ਨੇ ਇਹ ਸਕੂਲ ਉਨ੍ਹਾਂ ਨੂੰ ਸੌਂਪਣ ਦੀ ਚਿੱਠੀ ਆਪ ਦਿੱਤੀ ਸੀ। ਉਨ੍ਹਾਂ ਕਿਹਾ ਕਿ ਵੀਡੀਓ ਨੇ ਵਿਰੋਧੀਆਂ ਦੀ ਸਾਜ਼ਿਸ਼ ਬੇਨਕਾਬ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਮਨਜੀਤ ਸਿੰਘ ਜੀਕੇ ਤੇ ਅਵਤਾਰ ਸਿੰਘ ਹਿੱਤ ਕਦੇ ਇਕ ਦੂਜੇ ਖ਼ਿਲਾਫ਼ ਬੋਲਦੇ ਸਨ, ਉਹ ਅੱਜ ਘਿਓ-ਖਿਚੜੀ ਹਨ। ਅਵਤਾਰ ਸਿੰਘ ਹਿੱਤ ਖ਼ਿਲਾਫ਼ ਤਤਕਾਲੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਰਣਜੀਤ ਸਿੰਘ ਕੋਲ ਸ਼ਿਕਾਇਤ ਕਰਵਾ ਕੇ ਉਨ੍ਹਾਂ ਨੂੰ ਤਨਖਾਹੀਆ ਕਰਾਰ ਦੁਆਉਣ ਵਾਲੇ ਪਰਮਜੀਤ ਸਿੰਘ ਸਰਨਾ ਇਨ੍ਹਾਂ ਦੇ ਤੀਜੇ ਸਾਥੀ ਹਨ, ਜੋ ਅਕਾਲੀ ਦਲ ਦੇ ਬੈਨਰ ਹੇਠ ਅੱਜ ਰਲ-ਗੱਡ ਹੋਏ ਹਨ। ਉਨ੍ਹਾਂ ਕਿਹਾ ਕਿ ਅੱਜ ਜਦੋਂ ਜੱਜ ਐੱਮਕੇ ਨਾਗਪਾਲ ਨੇ ਮਾਮਲੇ ਦੀ ਸੁਣਵਾਈ ਕੀਤੀ ਤਾਂ ਉਨ੍ਹਾਂ ਤੁਰੰਤ ਆਰਥਿਕ ਅਪਰਾਧ ਵਿੰਗ ਨੂੰ ਹਦਾਇਤ ਕਰਦਿਆਂ ਪਿਛਲੇ ਹੁਕਮਾਂ ’ਤੇ ਸਟੇਅ ਲਗਾ ਦਿੱਤੀ। ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੌਮ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ। ਕੌਮ ਦੀਆਂ ਜਾਇਦਾਦਾਂ ਖੁਰਦ ਬੁਰਦ ਕਰਨ ਵਾਲੇ ਅਦਾਲਤਾਂ ਵਿਚ ਵੀ ਗੁਰਦੁਆਰਾ ਕਮੇਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਜੀਕੇ ਵੱਲੋਂ ਸਿਰਸਾ ਦਾ ਲਾਇ ਡਿਟੈਕਟਰ ਟੈਸਟ ਕਰਵਾਉਣ ਦੀ ਮੰਗ
ਮਨਜੀਤ ਸਿੰਘ ਜੀਕੇ ਨੇ ਦਿੱਲੀ ਪੁਲੀਸ ਤੋਂ ਮੰਗ ਕੀਤੀ ਹੈ ਕਿ ਸਿਰਸਾ ਦਾ ਲਾਇ ਡਿਟੈਕਟਰ ਟੈਸਟ ਤੁਰੰਤ ਕਰਵਾਇਆ ਜਾਵੇ। ਇਸ ਦੇ ਨਾਲ ਹੀ ਜੀਕੇ ਨੇ ਇਸ ਮਾਮਲੇ ’ਚ ਜਲਦ ਹੀ ਸਿਰਸਾ ਖ਼ਿਲਾਫ਼ ਮਾਣਹਾਨੀ ਦਾ ਫੌਜਦਾਰੀ ਮੁਕੱਦਮਾ ਦਰਜ ਕਰਵਾਉਣ ਦਾ ਵੀ ਐਲਾਨ ਕੀਤਾ ਹੈ। ਜੀਕੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਹਰੀ ਨਗਰ ਦੀ ਜਾਇਦਾਦ ’ਤੇ ਜਾਅਲੀ ਦਸਤਾਵੇਜ਼ਾਂ ਨਾਲ ਕਬਜ਼ਾ ਕਰਨ ਦੀ ਸਾਜ਼ਿਸ਼ ਰਚਣ ਵਾਲੇ ਵਿਅਕਤੀਆਂ ਵਿਰੁੱਧ ਤੁਰੰਤ ਜਾਂਚ ਲਈ ਕਮੇਟੀ ਬਣਾਉਣ, ਜੋ ਕਿ ਤੁਹਾਡੇ ਵੱਲੋਂ 5 ਮਾਰਚ 2020 ਨੂੰ ਹੋਈ ਮੀਟਿੰਗ ਦੇ ਸਮੇਂ ਤੋਂ ਪ੍ਰਸਤਾਵਿਤ ਹੈ।