ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੁਲਾਈ
‘ਐਨਟੀਏ’ ਰਾਹੀਂ ਦੇਸ਼ ਭਰ ਵਿੱਚ ਲਈ ਪ੍ਰੀਖਿਆ ਦੌਰਾਨ ਤਕਨੀਕੀ ਖ਼ਰਾਬੀ ਕਾਰਨ ਪੇਪਰ ਦੇਣ ਤੋਂ ਰਹਿ ਗਏ ਵਿਦਿਆਰਥੀ ਅੱਜ ਯੂਜੀਸੀ ਦੇ ਚੇਅਰਮੈਨ ਨੂੰ ਮਿਲਣ ਆਏ, ਪਰ ਉਨ੍ਹਾਂ ਨੂੰ ਨਿਰਾਸ਼ ਹੋ ਕੇ ਮੁੜਨਾ ਪੈ ਗਿਆ। ਉਹ ਚੇਅਰਮੈਨ ਕੋਲ ਆਪਣਾ ਦਰਦ ਸੁਣਾਉਣ ਆਏ ਸਨ, ਪਰ ਉਹ ਨਹੀਂ ਮਿਲ ਸਕੇ। ਆਈਟੀਓ ਸਥਿਤ ਯੂਜੀਸੀ ਦਾ ਮੁੱਖ ਦਫ਼ਤਰ ਅੰਦਰੋਂ ਬੰਦ ਕਰ ਲਿਆ ਗਿਆ ਤੇ ਵਿਦਿਆਰਥੀਆਂ ਨੂੰ ਇਮਾਰਤ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਰੋਸ ਵਿੱਚ ਆਏ ਵਿਦਿਆਰਥੀਆਂ ਨੇ ਇਮਾਰਤ ਦੇ ਬਾਹਰਵਾਰ ਯੂਜੀਸੀ ਤੇ ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਰੋਸ ਪ੍ਰਦਰਸ਼ਨ ਵਿੱਚ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਤੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐੱਸਐੱਫਆਈ) ਦੇ ਕਾਰਕੁਨ ਵੀ ਸ਼ਾਮਲ ਹੋਏ।
ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਵਿਦਿਆਰਥੀਆਂ ਦੇ ਭਵਿੱਖ ਉਪਰ ਅਸਰ ਪੈ ਰਿਹਾ ਹੈ ਤੇ ਕੇਂਦਰ ਸਰਕਾਰ ਲਈ ਕੌਮੀ ਪੱਧਰ ਦੇ ਇਮਤਿਹਾਨ ਮਾਤਰ ‘ਲੱਕੀ ਡਰਾਅ’ ਵਾਂਗ ਹਨ। ਉਨ੍ਹਾਂ ਕਿਹਾ ਕਿ ‘ਐਨਟੀਏ’ ਦੀ ਘੋਰ ਲਾਪ੍ਰਵਾਹੀ ਕਾਰਨ ਵਿਦਿਆਰਥੀ ਖੱਜਲ-ਖੁਆਰ ਹੋਏ। ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਇਮਤਿਹਾਨ ਕੇਂਦਰਾਂ ਵਿੱਚ ਤਕਨੀਕੀ ਖ਼ਰਾਬੀ ਆਈ, ਉੱਥੇ ਸਾਰੇ ਵਿਸ਼ਿਆਂ ਦੇ ਪਰਚੇ ਮੁੜ ਲਏ ਜਾਣ। ਵਿਦਿਆਰਥੀਆਂ ਨੇ ਐੱਨਟੀਏ ਨੂੰ ਰੱਦ ਕਰਨ ਦੀ ਮੰਗ ਕੀਤੀ।