ਕੁਲਦੀਪ ਸਿੰਘ
ਨਵੀਂ ਦਿੱਲੀ, 21 ਫਰਵਰੀ
ਕਾਰਜਸ਼ੀਲ ਪੰਜਾਬੀ ਹੈਲਪ ਲਾਈਨ ਦੇ ਮੁਖੀ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਪੰਜਾਬੀ ਅਧਿਆਪਕ ਪ੍ਰਕਾਸ਼ ਗਿੱਲ ਐੱਸ.ਕੇ.ਵੀ., ਭਾਰਤ ਨਗਰ ਦਿੱਲੀ ਵਿੱਚ 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਪੰਜਾਬੀ ਭਾਸ਼ਾ ਲਈ ਵਿਸ਼ੇਸ਼ ਤੌਰ ’ਤੇ ਕੌਂਸਲਿੰਗ ਕਰਨ ਲਈ ਪੁੱਜੇ। ਸਕੂਲ ਪ੍ਰਿੰਸੀਪਲ ਮੈਡਮ ਕਾਂਤਾ ਅਤੇ ਪੰਜਾਬੀ ਅਧਿਆਪਕਾ ਜਸਵਿੰਦਰ ਕੌਰ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਆਖਿਆ ਗਿਆ। ਪ੍ਰਕਾਸ਼ ਗਿੱਲ ਨੇ ਇਸ ਮੌਕੇ ਹਾਜ਼ਰ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਨਵੇਂ ਬਦਲੇ ਹੋਏ ਪੰਜਾਬੀ ਵਿਸ਼ੇ ਦੇ ਸਿਲੇਬਸ ਤੋਂ ਜਾਣੂ ਕਰਵਾਉਂਦੇ ਹੋਏ ਪ੍ਰਸ਼ਨ-ਪੱਤਰ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਬਾਰੇ ‘ਪੀਪੀਟੀ’ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵਾਰ ਦਾ ਪਰਚਾ ਦੋ ਹਿੱਸਿਆਂ ਵਿੱਚ ਆਵੇਗਾ। ਪਹਿਲੇ ਹਿੱਸੇ ਵਿੱਚ ਬਹੁਵਿਕਲਪੀ ਪ੍ਰਸ਼ਨ ਤੇ ਦੂਜੇ ਹਿੱਸੇ ਵਿੱਚ ਵਰਨਣਾਤਮਕ ਪ੍ਰਸ਼ਨ ਦਿੱਤੇ ਜਾਣਗੇ। ਇਸ ਦੇ ਨਾਲ ਹੀ ਪ੍ਰਕਾਸ਼ ਗਿੱਲ ਨੇ ਪੰਜਾਬੀ ਵਿਸ਼ਾ ਪੜ੍ਹਨ ਉਪਰੰਤ ਵਿਦਿਆਰਥੀਆਂ ਨੂੰ ਕਰੀਅਰ ਬਾਰੇ ਸੇਧ ਦਿੰਦੇ ਹੋਏ ਕਿਹਾ ਕਿ ਸਕੂਲੀ ਵਿਦਿਆਰਥੀ ਪੰਜਾਬੀ ਵਿਸ਼ੇ ਰਾਹੀਂ ਅਨੁਵਾਦਕ, ਦੁਭਾਸ਼ੀਏ, ਪੰਜਾਬੀ ਅਧਿਆਪਕ, ਪੱਤਰਕਾਰੀ, ਡਿਜ਼ਾਇਨਰ ਅਤੇ ਸਿਵਲ ਸੇਵਾਵਾਂ ਵਿੱਚ ਜਾ ਸਕਦੇ ਹਨ। ਕੌਂਸਲਿੰਗ ਵਿੱਚ ਪੰਜਾਬੀ ਹੈਲਪ ਲਾਈਨ ਦੇ ਆਗੂ ਸੁਨੀਲ ਕੁਮਾਰ ਬੇਦੀ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੰਜਾਬੀ ਵਿਸ਼ਾ ਪੜ੍ਹਨ ਲਈ ਪ੍ਰੇਰਿਤ ਕੀਤਾ।