ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਅਪਰੈਲ
ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਐੱਸ) ਨੇ ਅੱਜ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫਨ ਕਾਲਜ ਵਿੱਚ ਦਾਖਲੇ ਲਈ ਇੰਟਰਵਿਊ ਦੇ ਮਾਪਦੰਡ ਨੂੰ ਤੁਰੰਤ ਖਤਮ ਕਰਨ ਦੀ ਮੰਗ ਸਬੰਧੀ ਪ੍ਰਦਰਸ਼ਨ ਕੀਤਾ। ਯੁਵਾ ਸੰਗਠਨ ਨੇ ਕਿਹਾ ਕਿ ਡੀਯੂ ਵਿੱਚ ਇਸ ਸਾਲ ਤੋਂ ਕਾਮਨ ਯੂਨੀਵਰਸਿਟੀਜ਼ ਐਂਟਰੈਂਸ ਟੈਸਟ ਲਾਗੂ ਹੋਣ ਜਾ ਰਿਹਾ ਹੈ, ਹਾਲਾਂਕਿ ਇਹ ਆਪਣੇ-ਆਪ ਵਿੱਚ ਇੱਕ ਅਜਿਹਾ ਕਦਮ ਹੈ, ਜੋ ਜ਼ਿਆਦਾਤਰ ਵਿਦਿਆਰਥੀਆਂ ਨੂੰ ਸਿੱਖਿਆ ਦੇ ਰਸਮੀ ਢੰਗ ਵਿੱਚ ਦਾਖਲਾ ਲੈਣ ਤੋਂ ਬਾਹਰ ਕਰ ਦੇਵੇਗਾ। ਸੇਂਟ ਸਟੀਫਨ ਕਾਲਜ ਨੇ ਦਾਖਲਿਆਂ ਲਈ ‘ਸੀਯੂਈਟੀ’ ਸਕੋਰਾਂ ਤੋਂ ਇਲਾਵਾ ਇੱਕ ਇੰਟਰਵਿਊ ਮਾਪਦੰਡ ਦਾ ਐਲਾਨ ਕੀਤਾ ਗਿਆ ਹੈ। ਕੇਵਾਈਐੱਸ ਕਾਰਕੁਨਾਂ ਨੇ ਸੇਂਟ ਸਟੀਫਨ ਕਾਲਜ ਦੇ ਪ੍ਰਿੰਸੀਪਲ ਦਾ ਪੁਤਲਾ ਵੀ ਫੂਕਿਆ ਕਿਉਂਕਿ ਉਨ੍ਹਾਂ ਨੇ ਕਾਰਕੁਨਾਂ ਨੂੰ ਮਿਲਣ ਤੋਂ ਵੀ ਇਨਕਾਰ ਕਰ ਦਿੱਤਾ। ਦਿੱਲੀ ਸੂਬਾ ਕਮੇਟੀ ਮੈਂਬਰ ਭੀਮ ਕੁਮਾਰ ਨੇ ਕਿਹਾ ਕਿ ਸੇਂਟ ਸਟੀਫਨ ਕਾਲਜ ਵਿੱਚ ਪਿਛਲੇ ਲੰਮੇ ਸਮੇਂ ਤੋਂ ਦਾਖ਼ਲੇ ਲਈ ਇੰਟਰਵਿਊ ਲਈ ਜਾ ਰਹੀ ਹੈ। ਇਹ ਇੱਕ ਪੱਖਪਾਤੀ ਫ਼ੈਸਲਾ ਹੈ ਕਿਉਂਕਿ ਇੰਟਰਵਿਊ ਕਰਵਾਉਣ ਦਾ ਇੱਕੋ ਇੱਕ ਕਾਰਨ ਕਾਲਜ ਵਿੱਚ ਦਾਖਲੇ ਲਈ ਸਭ ਤੋਂ ਉੱਚਿਤ ਵਿਦਿਆਰਥੀਆਂ ਦੀ ਚੋਣ ਕਰਨਾ ਹੈ। ਅਜਿਹੇ ਮਾਪਦੰਡ ਲਗਾਤਾਰ ਵਾਂਝੇ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਕਾਲਜ ਦਾਖਲਾ ਲੈਣ ਤੋਂ ਰੋਕਣ ਲਈ ਤੇ ਇਸ ਤਰ੍ਹਾਂ ਦਾਖਲਾ ਦੇਣ ਅਤੇ ਚੋਣਵੇਂ ਕਬੀਲਿਆਂ ਅਤੇ ਪਰਿਵਾਰਾਂ ਦੇ ਵਿਸ਼ੇਸ਼ ਅਧਿਕਾਰਾਂ ਨੂੰ ਬਰਕਰਾਰ ਰੱਖਣ ਲਈ ਵਰਤੇ ਜਾਂਦੇ ਹਨ। ਇਹ ਸਥਿਤੀ ਬਹੁਤ ਹੀ ਪੱਖਪਾਤੀ ਹੈ ਤੇ ਸਿੱਖਿਆ ਵਿੱਚ ਵਿਸ਼ੇਸ਼ ਅਧਿਕਾਰ ਦੇ ਖਾਤਮੇ ਵਿਰੁੱਧ ਜੋਤੀਬਾ ਫੂਲੇ ਅਤੇ ਸਾਵਿਤਰੀਬਾਈ ਫੂਲੇ ਵਰਗੇ ਮਹਾਨ ਸਮਾਜ ਸੁਧਾਰਕਾਂ ਦੇ ਇਤਿਹਾਸਕ ਸੰਘਰਸ਼ਾਂ ਦੀਆਂ ਕਦਰਾਂ-ਕੀਮਤਾਂ ਦੇ ਉਲਟ ਹੈ। ਉਨ੍ਹਾਂ ਵੱਲੋਂ ਡੀਯੂ ਕਾਲਜਾਂ ਦੀ ਦਾਖਲਾ ਪ੍ਰਕਿਰਿਆ ਵਿੱਚ ਸਰਕਾਰੀ ਸਕੂਲਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ 20 ਫ਼ੀਸਦ ਅੰਕ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਹੈ। ਵਿਦਿਆਰਥੀਆਂ ਨੇ ਕਿਹਾ ਕਿ ਇਸ ਦੇ ਉਲਟ ਸੇਂਟ ਸਟੀਫਨ ਕਾਲਜ ਪ੍ਰਸ਼ਾਸਨ ਵਿੱਚ ਕੁਲੀਨ ਵਰਗ ਦੇ ਵਿਦਿਆਰਥੀਆਂ ਦੀ ਚੋਣ ਕਰਨ ਲਈ ਇੰਟਰਵਿਊ ਲਈ 15 ਫ਼ੀਸਦ ਅੰਕ ਨਿਰਧਾਰਤ ਕੀਤੇ ਗਏ ਹਨ। ਕਾਲਜ ਪ੍ਰਸ਼ਾਸਨ ਸਟੀਫਨਜ਼ ਨੂੰ ਘੱਟ ਗਿਣਤੀ ਕਾਲਜ ਦੱਸ ਕੇ ਇਸ ਪੱਖਪਾਤੀ ਫ਼ੈਸਲੇ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਡੀਯੂ ਦਾ ਕੋਈ ਹੋਰ ਘੱਟ ਗਿਣਤੀ ਕਾਲਜ ਇੰਟਰਵਿਊ ਨਹੀਂ ਕਰਦਾ ਹੈ। ਕੇਵਾਈਐੱਸ ਨੇ ਕਿਹਾ ਕਿ ਇੰਟਰਵਿਊ ਦੇਣ ਦੇ ਫ਼ੈਸਲੇ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਦੀ ਬਜਾਏ, ਆਮ ਦਾਖਲਾ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਦਾਖਲਾ ਪ੍ਰਕਿਰਿਆ ਵਿੱਚ 20 ਫ਼ੀਸਦੀ ਵਿਰਵੇ ਪੁਆਇੰਟ ਨੂੰ ਯਕੀਨੀ ਬਣਾਇਆ ਜਾਵੇ, ਸੀਟਾਂ ਦੀ ਗਿਣਤੀ ਵਧਾਈ ਜਾਵੇ ਤੇ ਸੇਂਟ ਸਟੀਫਨ ਕਾਲਜ ਵਿੱਚ ਸ਼ਾਮ ਦੀ ਸ਼ਿਫਟ ਸ਼ੁਰੂ ਕੀਤੀ ਜਾਵੇ।