ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਪਰੈਲ
ਇੱਥੇ ਅੱਜ ਟਿਕਰੀ ਬਾਰਡਰ ‘ਤੇ ਵੱਖ ਵੱਖ ਬੁਲਾਰਿਆਂ ਨੇ ਵਿਸਾਖੀ ਦੇ ਇਤਿਹਾਸਕ ਦਿਹਾੜੇ ਨਾਲ ਜੁੜੇ ਇਤਿਹਾਸਕ ਪੱਖਾਂ ਤੋਂ ਜਾਣੂ ਕਰਵਾਉਦਿਆ ਬਸੰਤ ਸਿੰਘ ਕੋਠਾ ਗੁਰੂ, ਮਨਜੀਤ ਸਿੰਘ ਘਰਾਚੋਂ, ਗੁਰਭਿੰਦਰ ਸਿੰਘ ਕੋਕਰੀ,ਪਲਸ ਮੰਚ ਤੋਂ ਕਸਤੂਰੀ ਲਾਲ, ਡੀਟੀਐਫ ਤੋਂ ਤਲਵਿੰਦਰ ਸਿੰਘ ਖਰੋੜ, ਮੋਠੂ ਸਿੰਘ ਕੋਟੜਾ, ਸੁਖਪਾਲ ਸਿੰਘ ਮਾਣਕ ਕਣਕਵਾਲ, ਬਲਜੀਤ ਕੌਰ ਕੱਕੜਵਾਲ ਅਤੇ ਉੱਤਰਪ੍ਰਦੇਸ਼ ਤੋਂ ਸਿਵਾ ਜੀ ਰਾਇ ਨੇ ਸੰਬੋਧਨ ਕੀਤਾ। ਇਸ ਮੌਕੇ ਬੁਲਾਰਿਆਂ ਨੇ ਐਲਾਨ ਕੀਤਾ ਕਿ ਉਹ ਅੱਜ ਦੇ ਇਤਿਹਾਸਕ ਦਿਹਾੜੇ ਤੋਂ ਪ੍ਰੇਰਨਾ ਲੈ ਕੇ ਮੋਦੀ ਸਰਕਾਰ ਵਲੋਂ ਲਿਆਂਦੇ ਕਾਲ਼ੇ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਖੇਤੀ ਖੇਤਰ ਦੀ ਸਾਮਰਾਜੀ ਲੁੱਟ ਤੋਂ ਮੁਕੰਮਲ ਮੁਕਤੀ ਲਈ ਸੰਗਰਾਮ ਜਾਰੀ ਰੱਖਣਗੇ। ਇਸ ਮੌਕੇ ਉਨ੍ਹਾਂ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਵਾਂਗ ਕੰਮ ਕਰ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਮੌਜੂਦਾ ਸੰਘਰਸ਼ ਦੀ ਹੋਰ ਤਕੜਾਈ ਲਈ ਜਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਸਭਨਾਂ ਵਰਗਾਂ ਨੂੰ ਇਸ ਘੋਲ ਵਿੱਚ ਸ਼ਾਮਲ ਕਰਾਉਣ ਲਈ ਹੋਰ ਤਾਣ ਜੁਟਾਉਣ ਦਾ ਸੱਦਾ ਦਿੱਤਾ। ਇਸ ਮੌਕੇ ਦਿੱਲੀ ਦੇ ਸੱਭਿਆਚਾਰਕ ਭੰਗੜਾ ਅਰੀਨਾ ਗਰੁੱਪ ਵੱਲੋਂ ਸਟੇਜ ਤੇ ਇਨਕਲਾਬੀ ਬੋਲੀਆਂ ਨਾਲ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ।