ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਅਕਤੂਬਰ
ਦਿੱਲੀ ਨਗਰ ਨਿਗਮ ਦੇ ਸਫ਼ਾਈ ਮੁਲਾਜ਼ਮਾਂ ਵੱਲੋਂ ਬੇਮਿਆਦੀ ਹੜਤਾਲ ਕਾਰਨ ਦਿੱਲੀ ਦੇ ‘ਢਲਾਓ’ ਵਾਲੀਆਂ ਥਾਵਾਂ ਵਿੱਚ ਕੂੜਾ ਇੱਕਠਾ ਹੋਣ ਲੱਗਾ ਹੈ ਜਿਸ ਕਾਰਨ ਨੇੜੇ ਰਹਿੰਦੇ ਨਿਵਾਸੀਆਂ ਲਈ ਸਮੱਸਿਆਵਾਂ ਪੈਦਾ ਹੋਣ ਲੱਗੀਆਂ ਹਨ। ਬਦਬੂ ਆਉਣ ਲੱਗੀ ਹੈ ਤੇ ਅਗਲੇ ਦਿਨਾਂ ਦੌਰਾਨ ਹੜਤਾਲ ਜਾਰੀ ਰਹੀ ਤਾਂ ਹਾਲਤ ਬਦਤਰ ਹੋ ਜਾਣਗੇ। ਇਸ ਤੋਂ ਪਹਿਲਾਂ ਵੀ ਕਈ ਵਾਰ ਸਫ਼ਾਈ ਮੁਲਾਜ਼ਮਾਂ ਨੇ ਹੜਤਾਲ ਕੀਤੀ ਤਾਂ ਦਿੱਲੀ ਵਿੱਚ ਸਫ਼ਾਈ ਵਿਵਸਥਾ ਚਰਮਰਾ ਗਈ ਸੀ। ਭਾਜਪਾ ਦੀ ਸੱਤਾ ਵਾਲੀ ਨਗਰ ਨਿਗਮ ਤੇ ‘ਆਪ’ ਸਰਕਾਰ ਦਰਮਿਆਨ ਸਫ਼ਾਈ ਮੁਲਾਜ਼ਮਾਂ ਸਮੇਤ ਨਿਗਮ ਦੇ ਹੋਰ ਮੁਲਾਜ਼ਮ ਪਿਸਦੇ ਆਏ ਸਨ। ਹੁਣ ਵੀ ਮੁਲਾਜ਼ਮ ਪੱਕੇ ਹੋਣ ਤੇ ਆਪਣੇ ਬਕਾਏ ਲਈ ਹੜਤਾਲ ਉਪਰ ਉੱਦੋਂ ਚਲੇ ਗਏ ਹਨ ਜਦੋਂ ਦੀਵਾਲੀ ਸਮੇਤ ਉੱਤਰ ਭਾਰਤ ਦੇ ਹੋੋਰ ਅਹਿਮ ਤਿਉਹਾਰਾਂ ਦਾ ਸਮਾਂ ਹੈ। ਹੜਤਾਲੀ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਝੂਠੇ ਲਾਰਿਆਂ ਤੋਂ ਤੰਗ ਆ ਚੁੱਕੇ ਹਨ ਤੇ ਉਹ ਤਾਂ ਹੀ ਹੜਤਾਲ ਵਾਪਸ ਲੈਣਗੇ ਜਦੋਂ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ। ਢਲਾਣ ਵਾਲੀਆਂ ਥਾਵਾਂ ਅਤੇ ਕੰਪੋਸਟਰਾਂ ਵਿੱਚ ਕੂੜਾ ਇਕੱਠਾ ਹੋਣ ਲੱਗਾ ਹੈ। ਉਧਰ ਕਾਂਗਰਸ ਵੱਲੋਂ ਦੋਸ਼ ਲਾਇਆ ਗਿਆ ਕਿ 15 ਸਾਲਾਂ ਤੋਂ ਭਾਜਪਾ ਤੇ 8 ਸਾਲਾਂ ਤੋਂ ਕੇਜਰੀਵਾਲ ਸਰਕਾਰ ਨੇ ਨਿਗਮ ਦੇ ਸਫ਼ਾਈ ਮੁਲਾਜ਼ਮਾਂ ਨਾਲ ਵਾਅਦੇ ਤਾਂ ਕੀਤੇ ਪਰ ਪੂਰੇ ਨਹੀਂ ਕੀਤੇ।