ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਸਤੰਬਰ
ਸਾਰਾਗੜ੍ਹੀ ਫਾਊਂਡੇਸ਼ਨ ਦਾ ਇਕ ਵਫ਼ਦ ਅੱਜ ਇਥੇ ਗੁਰਦੁਆਰਾ ਰਕਾਬ ਗੰਜ ਸਾਹਿਬ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਪੁੱਜਿਆ। ਇਸ ਮੌਕੇ ਫਾਊਂਡੇਸ਼ਨ ਦੇ ਪ੍ਰਧਾਨ ਗੁਰਵਿੰਦਰ ਪਾਲ ਸਿੰਘ ਜੋਸ਼ਾਨ ਵੱਲੋਂ ਸਾਰਾਗੜ੍ਹੀ ਕਿਲ੍ਹੇ ਤੋਂ ਲਿਆਂਦਾ ਪੱਥਰ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੂੰ ਭੇਟ ਕੀਤਾ ਗਿਆ। ਪ੍ਰਧਾਨ ਤੇ ਜਨਰਲ ਸਕੱਤਰ ਨੇ ਦੱਸਿਆ ਕਿ ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ ਭੇਟ ਕੀਤੇ ਗਏ ਪੱਥਰ ਨੂੰ ਮਿਊਜ਼ੀਅਮ ’ਚ ਸਥਾਪਤ ਕੀਤਾ ਜਾਵੇਗਾ ਤਾਂ ਕਿ ਦਿੱਲੀ ਤੋਂ ਇਲਾਵਾ ਦੂਰ-ਦਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਇਸ ਦੇ ਦਰਸ਼ਨ ਕਰਵਾਏ ਜਾਣ ਅਤੇ ਸਾਰਾਗੜ੍ਹੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ।