ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਅਪਰੈਲ
ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿੱਢੇ ਲੰਮੇ ਸੰਘਰਸ਼ ਦੌਰਾਨ ਸਿੰਘੂ ਮੋਰਚੇ ਦੀ ਸੰਚਾਲਨ ਕਮੇਟੀ ਦੇ ਹੌਸਲੇ ਪਹਾੜ ਜਿੱਡੇ ਹਨ। ਇਸ ਟੀਮ ਉਪਰ ਮੋਰਚੇ ਦੀ ਮਾਇਆ ਸਾਂਭਣ ਸਮੇਤ ਹੋਰ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਵੀ ਕਈ ਵਾਰ ਆ ਜਾਂਦੀ ਹੈ। ਮੋਰਚੇ ਵੱਲੋਂ ਇਸ ਟੀਮ ਲਈ ਮੁੱਖ ਮੰਚ ਦੇ ਪਿਛਲੇ ਪਾਸੇ ਪ੍ਰਬੰਧ ਕੀਤੇ ਹੋਏ ਹਨ, ਜਿੱਥੇ ਟੀਮ ਡੇਢ ਸੌ ਦਿਨਾਂ ਤੋਂ ਲਗਾਤਾਰ ਡਟੀ ਹੋਈ ਹੈ। ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਆਗੂ ਅਮਰੀਕ ਸਿੰਘ ਨੇ ਦੱਸਿਆ ਕਿ ਹੁਣ ਮੋਰਚੇ ਨੂੰ ਮੁੜ ਮਘਾਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਚੁੱਕਾ ਹੈ ਤੇ ਕਿਸਾਨ ਵਾਢੀ ਮਗਰੋਂ ਮੋਰਚਿਆਂ ਵੱਲ ਨੂੰ ਹੋ ਲਏ ਹਨ, ਜਿਸ ਕਰਕੇ ‘ਅਪਰੇਸ਼ਨ ਕਲੀਨ’ ਦੀ ਸਰਕਾਰ ਦੀ ਸਾਜ਼ਿਸ਼ ਫੇਲ੍ਹ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਹੁਣ ਉੱਤਰ ਪ੍ਰਦੇਸ਼ ਸਮੇਤ ਉੱਤਰੀ-ਪੂਰਬੀ ਰਾਜਾਂ ਵੱਲ ਰੁਖ਼ ਕੀਤਾ ਜਾਵੇਗਾ, ਜਿੱਥੇ ਛੋਟੀ ਕਿਸਾਨੀ ਬੁਰੀ ਹਾਲਤ ਵਿੱਚ ਹੈ। ਸੱਤਾਧਾਰੀਆਂ ਨੂੰ ਕਿਸਾਨਾਂ ਦੇ ਏਕੇ ਨਾਲ ਮਾਤ ਦਿੱਤੀ ਜਾਵੇਗੀ ਤੇ ਕਾਰਪੋਰੇਟ ਘਰਾਣਿਆਂ ਨੂੰ ਕਿਸੇ ਵੀ ਹਾਲਤ ਵਿੱਚ ਖੇਤੀ ਖੇਤਰ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ।