ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਜਨਵਰੀ
ਦਿੱਲੀ ਦੁਆਲੇ ਦੇਸ਼ ਦੇ ਉੱਤਰੀ ਰਾਜਾਂ ਦੇ ਕਿਸਾਨਾਂ ਨੇ ਆਪਣੇ ਦਮ ਦਾ ਪ੍ਰਗਟਾਵਾ ਆਪਣੇ ਮਹਿੰਗੇ ਖੇਤੀ ਸੰਦਾਂ ’ਚੋਂ ਇਕ ਟਰੈਕਟਰ ਮਾਰਚ ਵਿੱਚ ਸ਼ਮੂਲੀਅਤ ਕਰਕੇ ਕੀਤਾ। ਇਸ ਮਾਰਚ ਵਿੱਚ ਨੌਜਵਾਨਾਂ ਨੇ ਸ਼ਾਮਲ ਹੋ ਕੇ ਕੇਂਦਰ ਸਰਕਾਰ ਨੂੰ ਲਲਕਾਰਿਆ ਹੈ। ਨੌਜਵਾਨ ਕਿਸਾਨ ਆਗੂ ਜੱਗਾ ਸਿੰਘ ਛਾਪਾ ਤੇ ਗੱਗੀ ਦਿਆਲਪੁਰਾ ਨੇ ਕਿਹਾ ਕਿ ਮੋਦੀ ਸਰਕਾਰ ਦੇ ਇਸ ਕਾਰਜਕਾਲ ਦੌਰਾਨ ਇਹ ਪਹਿਲਾ ਮੌਕਾ ਹੈ ਜਦੋਂ ਪੰਜਾਬ ਦੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀਆਂ ਖਾਮੀਆਂ ਉਪਰ ਉਂਗਲ ਚੁੱਕੀ ਤੇ ਕੇਂਦਰ ਸਰਕਾਰ ਨੂੰ ਇਹ ਦਰਸਾ ਦਿੱਤਾ ਕਿ ਉਹ ਕਾਨੂੰਨ ਦੇਸ਼ ਦੇ ਕਿਸਾਨਾਂ ਦਾ ਦਮ ਘੋਟਣ ਵਾਲੇ ਹਨ। ਪੰਜਾਬ ਤੋਂ ਸ਼ੁਰੂ ਹੋਏ ਵਿਰੋਧ ਦੀ ਚਿੰਗਾੜੀ ਹੁਣ ਦੇਸ਼ ਦੇ ਹਰ ਰਾਜ ਵਿੱਚ ਫੈਲ ਚੁੱਕੀ ਹੈ ਤੇ ਜਿਸ ਕਰ ਕੇ ਥਾਂ-ਥਾਂ ਤੋਂ ਕਿਸਾਨਾਂ ਨੇ ਦਿੱਲੀ ਵੱਲ ਰੁਖ਼ ਕਰ ਲਿਆ ਹੈ। ਉਨ੍ਹਾਂ ਅੱਜ ਦੀ ਰੈਲੀ ਦੀ ਸਫਲਤਾ ਲਈ ਹਰ ਇਕ ਦਾ ਧੰਨਵਾਦ ਕੀਤਾ। ਅੱਜ ਦੀ ਰੈਲੀ ਨਾਲ ਦਿੱਲੀ ਦੇ ਉਨ੍ਹਾਂ ਮਾਰਗਾਂ ਉਪਰ ਜ਼ਿਆਦਾ ਪ੍ਰੇਸ਼ਾਨੀ ਹੋਈ ਜੋ ਮੁੱਖ ਚਾਰ ਮਾਰਗਾਂ ਦਿੱਲੀ-ਅੰਬਾਲਾ, ਦਿੱਲੀ-ਆਗਰਾ, ਦਿੱਲੀ-ਬਹਾਦਰਗੜ੍ਹ ਤੇ ਦਿੱਲੀ-ਉੱਤਰ ਪ੍ਰਦੇਸ਼ ਦੇ ਨੇੜੇ ਪੈਂਦੇ ਹਨ। ਪੁਲੀਸ ਵੱਲੋਂ ਟਿਕਰੀ ਤੇ ਸਿੰਘੂ ਬਾਰਡਰ ਉਪਰ ਸੁਰੱਖਿਆ ਘੇਰਾ ਹੋਰ ਸਖ਼ਤ ਕੀਤਾ ਗਿਆ ਤੇ ਹਰੇਕ ਦੀ ਜਾਂਚ ਕਰਕੇ ਹੀ ਜਾਣ ਦਿੱਤਾ ਗਿਆ। ਮੀਡੀਆ ਉਪਰ ਵੀ ਸਖ਼ਤ ਨਜ਼ਰ ਰਹੀ।
ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਦੇਸ਼ ਭਰ ਵਿਚ ਕਿਸਾਨਾਂ ਨੇ ਆਪਣੇ ਇਲਾਕਿਆਂ ਵਿਚ ਟਰੈਕਟਰ ਮਾਰਚਾਂ ਵਿਚ ਹਿੱਸਾ ਲੈ ਕੇ ਏਕਤਾ ਦਿਖਾਈ ਹੈ। ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਆਪਣੇ-ਆਪਣੇ ਬਲਾਕ ਅਤੇ ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਟਰੈਕਟਰ ਮਾਰਚ ਕੱਢੇ। ਰਾਜਸਥਾਨ, ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼, ਉਤਰਾਖੰਡ ਦੇ ਵੱਖ-ਵੱਖ ਕਸਬਿਆਂ ਦੇ ਕਿਸਾਨਾਂ ਨੇ ਵੀ ਇਸ ਦੇਸ਼ਵਿਆਪੀ ਸਮਾਗਮ ਵਿਚ ਹਿੱਸਾ ਲਿਆ। ਨਰਮਦਾ ਘਾਟੀ ਦੇ ਕਿਸਾਨਾਂ ਤੇ ਮਜ਼ਦੂਰਾਂ ਦਾ ਇਕ ਸਮੂਹ ਦਿੱਲੀ-ਮੋਰਚੇ ਲਈ ਪੁੱਜੇਗਾ। ਪੰਜਾਬ ਅਤੇ ਹਰਿਆਣਾ ਦੇ ਲਗਭਗ ਹਰ ਜ਼ਿਲ੍ਹੇ ਵਿੱਚ ਟਰੈਕਟਰਾਂ ਅਤੇ ਕਿਸਾਨਾਂ ਦੀਆਂ ਵੱਡੀਆਂ ਰੈਲੀਆਂ ਵੇਖੀਆਂ ਗਈਆਂ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਭਾਰਤ ਭਰ ਵਿੱਚ ਬਹੁਤ ਸਾਰੀਆਂ ਥਾਵਾਂ ’ਤੇ ਹੁਣ ਅਣਮਿੱਥੇ ਸਮੇਂ ਲਈ ਧਰਨੇ ਤੇ ਸੂਬਾ ਪੱਧਰੀ ਰੈਲੀਆਂ ਹਨ। ਕੁਝ ਦਿਨ ਪਹਿਲਾਂ, ਸੋਮਵਾਰ ਨੂੰ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿੱਚ ਕਿਸਾਨਾਂ ਦੁਆਰਾ ਇੱਕ ਵਿਸ਼ਾਲ ਰੈਲੀ ਕੱਢੀ ਗਈ ਸੀ। ਬਿਹਾਰ ਦੇ ਕਿਸਾਨ 25 ਤੋਂ ਵੱਧ ਥਾਵਾਂ ’ਤੇ ਆਪਣੇ ਪੱਕਾ ਮੋਰਚੇ ਨਾਲ ਜਾਰੀ ਹਨ।
ਵੱਖ ਵੱਖ ਪਿੰਡਾਂ ਤੋਂ ਨਿਕਲੇ ਟਰੈਕਟਰ ਮਾਰਚ
ਟੋਹਾਣਾ (ਗੁਰਦੀਪ ਸਿੰਘ ਭੱਟੀ): ਹਜ਼ਾਰਾਂ ਕਿਸਾਨਾ ਨੇ ਟਰੈਕਟਰਾਂ ’ਤੇ ਕਿਸਾਨੀ ਝੰਡੇ ਲਾ ਕੇ ਟੋਹਾਣਾ ਦੀਆਂ ਸੜਕਾਂ ’ਤੇ ਜ਼ੋਰਦਾਰ ਵਿਖਾਵਾ ਕੀਤਾ। ਪੁਲੀਸ ਨੇ ਸ਼ਹਿਰ ਦੇ ਚੰਡੀਗੜ੍ਹ ਰੋਡ ’ਤੇ ਰਿਲਾਇੰਸ ਦੇ ਮਾਲ ਤੇ ਹਿਸਾਰ ਰੋਡ ’ਤੇ ਪੈਂਦੇ ਰਿਲਾਇੰਸ ਦੇ ਪੈਟਰੋਲ ਪੰਪ ’ਤੇ ਵੱਡੀ ਗਿਣਤੀ ਵਿੱਚ ਫੋਰਸ ਲਾਈ ਅਤੇ ਡੀਐੱਸਪੀ ਬਿਰਮ ਸਿੰਘ ਖੁਦ ਰਿਲਾਇੰਸ ਅਦਾਰਿਆਂ ਦੀ ਸੁਰੱਖਿਆ ਦੀ ਨਿਗਰਾਨੀ ਕਰ ਰਹੇ ਸਨ। ਅੱਜ ਸਵੇਰੇ ਪਿੰਡਾਂ ਵਿੱਚ ਕਿਸਾਨ ਆਪਣੇ ਟਰੈਕਟਰਾਂ ਨੂੰ ਸਜਾ ਕੇ ਬੱਚਿਆਂ ਸਮੇਤ ਮੋਟਰਸਾਈਕਲ, ਕਾਰਾਂ, ਜੀਪਾਂ ’ਤੇ ਟਾਊਨ ਪਾਰਕ ਸਾਹਮਣੇ ਇੱਕਠੇ ਹੋਏ। ਵਾਹਨਾਂ ਦਾ ਕਾਫ਼ਲਾ ਦੋ ਕਿਲੋਮੀਟਰ ਲੰਬਾ ਹੁੰਦਾ ਗਿਆ। ਪਿੰਡ ਸਮੈਣ, ਕੰਨੜ੍ਹੀ, ਕਮਾਲਵਾਲਾ, ਬਲਿਆਵਾਲਾ, ਨਾਂਗਲੀ, ਧਾਰਸੂਲ ਕਲਾਂ, ਧਾਰਸੁਲਖੁਰਦ, ਲੈਹਰੀਆਂ ਤੇ ਜਾਖਲ ਬਲਾਕ ਦੇ ਪਿੰਡਾ ਦੇ ਕਿਸਾਨਾ ਦੀਆਂ ਟੀਮਾਂ ਪੁੱਜੀਆਂ ਸਨ। ਟਰੈਕਟਰ ’ਤੇ ਕੰਵਰ ਗਰੇਵਾਲ ਤੇ ਹੋਰ ਪੰਜਾਬੀ ਗਾਇਕਾਂ ਦੇ ਕਿਸਾਨ ਅੰਦੋਲਨ ਸਬੰਧੀ ਗਾਣੇ ਉਚੀ ਆਵਾਜ਼ ਵਿੱਚ ਵੱਜ ਰਹੇ ਸਨ। ਕਿਸਾਨ ਜਥੇਬੰਦੀਆਂ ਦੇ ਲਾਭ ਸਿੰਘ, ਰਾਜਿੰਦਰ ਸਿੰਘ, ਨਾਨੂਰਾਮ ਧਾਰਸੂਲ ਤੇ ਹੋਰ ਬੁਲਾਰਿਆਂ ਨੇ ਖੇਤੀ ਕਾਨੂੰਨ ਵਾਪਸ ਕਰਨ ਲਈ ਟਾਲ ਮਟੋਲ ਕਰਨ ਦੀ ਨੀਤੀ ਨੂੰ ਮੰਦਭਾਗਾ ਦੱਸਿਆ।
ਸਮਾਜ ਵਿਰੋਧੀ ਅਨਸਰਾਂ ਵੱਲੋਂ ਅੰਦੋਲਨ ਨੂੰ ਭੰਗ ਕਰਨ ਦੀ ਕੋਸ਼ਿਸ਼: ਲੱਖੋਵਾਲ
ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਦਿਨ ਪ੍ਰਤੀ ਦਿਨ ਕਿਸਾਨਾਂ ਦੀ ਲਹਿਰ ਤੇਜ਼ ਹੁੰਦੀ ਜਾ ਰਹੀ ਹੈ। ਇਸ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਵੀ ਵੱਧਦੀਆਂ ਜਾ ਰਹੀਆਂ ਹਨ। ਇਸ ਲੜੀ ਵਿਚ ਕੁਝ ਸਮਾਜ ਵਿਰੋਧੀ ਅਨਸਰ ਵੱਖ-ਵੱਖ ਗਤੀਵਿਧੀਆਂ ਦੁਆਰਾ ਪ੍ਰਦਰਸ਼ਨਾਂ ਨੂੰ ਭੰਗ ਕਰ ਰਹੇ ਹਨ। ਸਾਰੇ ਕਿਸਾਨਾਂ ਦੀ ਤਰਫੋਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਮੀਡੀਆ ਦੇ ਇੱਕ ਵਰਗ ’ਤੇ ਹੋਏ ਹਮਲੇ ਦੀ ਨਿੰਦਾ ਕੀਤੀ ਜਾਂਦੀ ਹੈ। ਅਨੁਸ਼ਾਸਨ ਕਮੇਟੀ ਪ੍ਰਾਪਤ ਰਿਪੋਰਟਾਂ ਦੀ ਪੜਤਾਲ ਕਰ ਰਹੀ ਹੈ।