ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਦਸੰਬਰ
ਦਿੱਲੀ ਦੇ ਪੰਜਾਬੀ ਬਹੁਲਤਾ ਵੱਸੋਂ ਵਾਲੇ ਇਲਾਕੇ ਤਿਲਕ ਨਗਰ ਤੋਂ ਇਕਬਾਲ ਸਿੰਘ ਸਮੇਤ ਹੋਰ ਸਾਥੀਆਂ ਨਾਲ ਸਿੰਘੂ ਬਾਰਡਰ ’ਤੇ ਪੁੱਜੇ। ਉਨ੍ਹਾਂ ਕਿਸਾਨਾਂ ਦੇ ਸੰਘਰਸ਼ ਵਿੱਚ ਖ਼ੁਦ ਨੂੰ ਸੰਗਲਾਂ ਵਿੱਚ ਬੰਨ੍ਹ ਕੇ ਮੁੱਖ ਅੰਦੋਲਨ ਵਾਲੀ ਥਾਂ ਜਾ ਕੇ ਕਿਸਾਨਾਂ ਦੇ ਸੰਘਰਸ਼ ਦਾ ਸਾਥ ਦਿੱਤਾ।
ਇਕਬਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਆਮ ਨਾਗਰਿਕਾਂ ਨੇ ਕੇਂਦਰ ਸਰਕਾਰ ਦੇ ਤਿੰਨਾਂ ਬਿੱਲਾਂ ਨੂੰ ਦੇਸ਼ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਇਹ ਵਾਪਸ ਲਏ ਜਾਣੇ ਚਾਹੀਦੇ ਹਨ ਕਿਉਂਕਿ ਰਾਜਾਂ ਨਾਲ ਜੁੜੇ ਵਿਸ਼ੇ ਉਪਰ ਕੇਂਦਰ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਕਾਨੂੰਨ ਮੰਨ ਲਏ ਜਾਂਦੇ ਹਨ ਤਾਂ ਸੰਘੀ ਢਾਂਚੇ ਨੂੰ ਵੀ ਖੋਰਾ ਲੱਗੇਗਾ।
ਉਨ੍ਹਾਂ ਆਪਣੇ ਆਪ ਨੂੰ ਜ਼ੰਜ਼ੀਰਾਂ ਵਿੱਚ ਜਕੜ ਕੇ ਇਹ ਪੇਸ਼ ਕਰਨਾ ਚਾਹਿਆ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਕਾਰਪੋਰੇਟ ਦੇ ਕੈਦੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।