ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਮਈ
ਕਰੋਨਾ ਦੇ ਖੌਫ਼ ਨੇ ਲੋਕਾਂ ਨੂੰ ਇਸ ਕਦਰ ਡਰਾ ਦਿੱਤਾ ਹੈ ਕਿ ਹੁਣ ਲੋਕ ਕੋਵਿਡ ਮੁਰਦਿਆਂ ਦੇ ਆਖ਼ਰੀ ਪਲਾਂ ਦਾ ਹਿੱਸਾ ਬਣਨ ਤੋਂ ਵੀ ਪਾਸਾ ਵੱਟ ਲੈਂਦੇ ਹਨ। ਦਿੱਲੀ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਦਿੱਲੀ ਪੁਲੀਸ ਵੱਲੋਂ ਕਰੋਨਾਵਾਇਰਸ ਦੀ ਲਪੇਟ ਵਿੱਚ ਆ ਕੇ ਜਾਨ ਗੁਆਉਣ ਵਾਲਿਆਂ ਦੇ ਸਸਕਾਰ ਕੀਤੇ ਗਏ। ਦਿੱਲੀ ਪੁਲੀਸ ਦੇ ਸਬ ਇੰਸਪੈਕਟਰ ਵੱਲੋਂ ਅਫ਼ਗਾਨਿਸਤਾਨੀ ਨਾਗਰਿਕ ਨੂੰ ਵਿਧੀ ਮੁਤਾਬਕ ਸਪੁਰਦੇ-ਖ਼ਾਕ ਕੀਤਾ ਗਿਆ।
ਅਫਗਾਨਿਸਤਾਨ ਦੇ ਸੇਵਾਮੁਕਤ ਮੇਜਰ ਜਨਰਲ ਦੀ ਨਬੀ ਕਰੀਮ ਖੇਤਰ ਵਿੱਚ ਸਥਿਤ ਇੱਕ ਹੋਟਲ ਵਿੱਚ ਕਰੋਨਾ ਦੀ ਲਾਗ ਕਾਰਨ ਮੌਤ ਹੋ ਗਈ। ਪੁਲੀਸ ਨੇ ਉਸ ਦੇ ਰਿਸ਼ਤੇਦਾਰ ਨੂੰ ਅਫਗਾਨਿਸਤਾਨ ਵਿਚ ਸੂਚਿਤ ਕੀਤਾ ਸੀ ਪਰ ਉਸ ਦੇ ਰਿਸ਼ਤੇਦਾਰ ਨੇ ਇਥੇ ਆਉਣ ਵਿਚ ਅਸਮਰੱਥਾ ਜ਼ਾਹਰ ਕੀਤੀ। ਅਜਿਹੀ ਸਥਿਤੀ ਵਿੱਚ ਦਿੱਲੀ ਪੁਲੀਸ ਦੇ ਐਸਆਈ ਨੇ ਪੂਰੇ ਸਤਿਕਾਰ ਨਾਲ ਦਿੱਲੀ ਗੇਟ ਵਿਖੇ ਕਬਰਿਸਤਾਨ ਵਿੱਚ ਸਪੁਰਦੇ-ਖ਼ਾਕ ਕੀਤਾ। ਅਫਗਾਨਿਸਤਾਨ ਦੇ ਵਸਨੀਕ ਮੁਹੰਮਦ ਰਹੀਮ ਵਰਧਕ ਦੀ ਪਤਨੀ ਕੋਬਰਾ ਵਰਧਕ ਨੂੰ ਕੈਂਸਰ ਦੀ ਬਿਮਾਰੀ ਸੀ। ਉਹ 20 ਮਾਰਚ ਨੂੰ ਆਪਣੀ ਪਤਨੀ ਦੇ ਕੈਂਸਰ ਦਾ ਇਲਾਜ ਕਰਵਾਉਣ ਲਈ ਦਿੱਲੀ ਆਇਆ ਸੀ। ਉਸ ਦੀ ਪਤਨੀ ਦਾ ਅਪੋਲੋ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। 21 ਅਪਰੈਲ ਨੂੰ ਪਤਨੀ ਕੋਬਰਾ ਨੂੰ ਕਰੋਨਾ ਹੋ ਗਿਆ ਪਰ ਪਤੀ ਰਹੀਮ ਨੇ ਆਪਣੀ ਜਾਂਚ ਨਹੀਂ ਕਰਵਾਈ। 24 ਅਪਰੈਲ ਨੂੰ ਦੋਨਾਂ ਨੇ ਆਪਣੇ ਵਤਨ ਪਰਤਣਾ ਸੀ ਪਰ ਇਸ ਤੋਂ ਪਹਿਲਾਂ ਰਹੀਮ ਦੀ ਤਬੀਅਤ ਵਿਗੜ ਗਈ। ਪਤਨੀ ਉਸ ਨੂੰ ਹਸਪਤਾਲ ਲੈ ਕੇ ਗਈ ਜਿੱਥੇ ਪਤੀ ਦੀ ਮੌਤ ਹੋ ਗਈ।