ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜੁਲਾਈ
ਪ੍ਰਧਾਨ ਮੰਤਰੀ ਦੇ ਸਵੈ-ਨਿਰਭਰ ਭਾਰਤ ਬਣਾਉਣ ਦੇ ਉਦੇਸ਼ ਨੂੰ ਪੂਰਾ ਕਰਨ ਤੇ ‘ਵੋਕਲ ਫਾਰ ਲੋਕਲ’ ਨੂੰ ਉਤਸ਼ਾਹਿਤ ਕਰਨ ਲਈ ਸੇਵਾ ਭਾਰਤੀ ਭੈਣਾਂ ਨੇ ਭਾਜਪਾ ਦੇ ਸੂਬਾਈ ਦਫ਼ਤਰ ਵਿੱਚ ਅੱਜ ਕਰਵਾਏ ‘ਸਵਦੇਸ਼ੀ ਰਾਖੀ’ ਪ੍ਰੋਗਰਾਮ ਦੌਰਾਨ ਦਿੱਲੀ ਪਾਰਟੀ ਪ੍ਰਧਾਨ ਆਦੇਸ਼ ਗੁਪਤਾ ਦੀ ਗੁੱਟ ’ਤੇ ਦੇਸ਼ ਵਿੱਚ ਬਣੀ ਰੱਖੜੀ ਬੰਨ੍ਹੀ।
ਇਸ ਮੌਕੇ ਆਦੇਸ਼ ਗੁਪਤਾ ਨੇ ਕਿਹਾ ਕਿ ਸੇਵਾ ਭਾਰਤੀ ਭੈਣਾਂ ਵੱਲੋਂ ਰੱਖੜੀ ਬਣਾਉਣ ਦਾ ਪਵਿੱਤਰ ਕਾਰਜ ਭਾਰਤ ਨੂੰ ਸਵੈ-ਨਿਰਭਰ ਬਣਨ ਲਈ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਗੱਦੀ ਲੋਹਾਰ ਸਮਾਜ ਦੇ ਲੋਕ ਜੋ ਮਹਾਰਾਣਾ ਪ੍ਰਤਾਪ ਲਈ ਹਥਿਆਰ ਬਣਾਉਣ ਦਾ ਕੰਮ ਕਰਦੇ ਸਨ ਅੱਜ ਉਨ੍ਹਾਂ ਦੇ ਘਰਾਂ ਦੀਆਂ ਔਰਤਾਂ ਨੇ ਰੱਖੜੀਆਂ ਤਿਆਰ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਸੇਵਾ ਭਾਰਤੀ ਭੈਣਾਂ ਨੇ ਚੀਨ ਦੀ ਸਰਹੱਦ ’ਤੇ ਦੇਸੀ ਰੱਖੜੀ ਭੇਜੀ ਹੈ। ਦੇਸੀ ਰੱਖੜੀ ਬਣਾਉਣ ਦੀ ਪਹਿਲ ਔਰਤਾਂ ਨੂੰ ਸਵੈ-ਰੁਜ਼ਗਾਰ ਦੇਵੇਗੀ ਤੇ ਉਨ੍ਹਾਂ ਦੇ ਵਿਸ਼ਵਾਸ ਨੂੰ ਵੀ ਮਜ਼ਬੂਤ ਕਰੇਗੀ। ਇਸ ਨਾਲ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਤਿਉਹਾਰਾਂ ਵਿਚ ਵਰਤੀਆਂ ਜਾਂਦੀਆਂ ਚੀਜ਼ਾਂ ਦੇਸ਼ ਵਿਚ ਹੀ ਤਿਆਰ ਕੀਤੀਆਂ ਜਾਣਗੀਆਂ, ਸੇਵਾ ਭਾਰਤੀ ਨੇ ਸਥਾਨਕ ਉਤਪਾਦ (ਲੋਕਲ) ਬਣਾਉਣ ਦੀ ਪਹਿਲ ਸ਼ੁਰੂ ਕੀਤੀ ਹੈ ਜੋ ਆਉਣ ਵਾਲੇ ਸਮੇਂ ਵਿਚ ਵਧੇਗੀ।
ਸਮਾਜ ਵਿੱਚ ਵੱਧ ਤੋਂ ਵੱਧ ਔਰਤਾਂ ਸਵੈ-ਨਿਰਭਰ ਬਣਨ ਵਿੱਚ ਸਹਾਇਤਾ ਕਰਨ ਤੇ ਉਹ ਦੇਸ਼ ਨੂੰ ਸਵੈ-ਨਿਰਭਰ ਬਣਾਉਣ ਵਿੱਚ ਯੋਗਦਾਨ ਪਾ ਸਕਦੀਆਂ ਹਨ।
ਕੈਟ ਵੱਲੋਂ ‘ਰਾਫਾਲ’ ਦੇਸੀ ਰੱਖੜੀ ਜਾਰੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਰੱਖੜੀ ਦੇ ਤਿਉਹਾਰ ਨੂੰ ਹਿੰਦੁਸਤਾਨੀ ਵਜੋਂ ਮਨਾਉਣ ਦੀ ਦੇਸ਼ ਵਿਆਪੀ ਮੁਹਿੰਮ ਵਿੱਚ ਇਸ ਵਾਰ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਵੱਲੋਂ ਚੀਨੀ ਮਾਲ ਦਾ ਬਾਈਕਾਟ ਕਰਨ ਦੀ ਆਪਣੀ ਮੁਹਿੰਮ ਦੇ ਹਿੱਸੇ ਵਜੋਂ ਅੱਜ ‘ਕੈਟ’ ਨੇ ਰਾਫਾਲ ਦੇਸੀ ਰੱਖੜੀ ਜਾਰੀ ਕੀਤੀ ਅਤੇ ਕਿਹਾ ਕਿ ਰਾਫਾਲ ਜਹਾਜ਼ ਭਾਰਤੀ ਫ਼ੌਜ ਨੂੰ ਵਧੇਰੇ ਕੁਸ਼ਲ ਬਣਾਏਗਾ ਤਾਂ ਜੋ ਦੁਸ਼ਮਣਾਂ ਦੀਆਂ ਯੋਜਨਾਵਾਂ ਨੂੰ ਨਸ਼ਟ ਕੀਤਾ ਜਾ ਸਕੇ ਅਤੇ ਇਸ ਨਜ਼ਰ ਨਾਲ ਅੱਜ ਰਾਫਾਲ ਦੇ ਭਾਰਤ ਆਉਣ ’ਤੇ ਕੈਟ ਨੇ ਰਾਫਾਲ ਦੇਸੀ ਰੱਖੜੀ ਜਾਰੀ ਕੀਤੀ ਜਿਸ ਵਿੱਚ ਪ੍ਰਧਾਨ ਮੰਤਰੀ ਦੀ ਤਸਵੀਰ ਦੇ ਨਾਲ ਰਾਫਾਲ ਦੀ ਤਸਵੀਰ ਵੀ ਸ਼ਾਮਲ ਹੈ। ਭਾਰਤ ਦਾ ਡਿਫੈਂਡਰ, ਇਹ ਸੰਕੇਤ ਕਰਦਾ ਹੈ ਕਿ ਦੇਸ਼ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਸਮੁੱਚੇ ਤੌਰ ‘ਤੇ ਭਾਰਤ ਦੀਆਂ ਵਿਰੋਧੀ ਤਾਕਤਾਂ ਅੱਗੇ ਡਟਿਆ ਹੋਇਆ ਹੈ।