ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਮਾਰਚ
ਦਿੱਲੀ ਸਰਕਾਰ ਨੇ ਸਕੱਤਰੇਤ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਹੋਰ ਕੈਬਨਿਟ ਸਹਿਯੋਗੀਆਂ ਦੇ ਦਫ਼ਤਰਾਂ ਦੇ ਨਵੀਨੀਕਰਨ ਲਈ 35.99 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਸਰਕਾਰੀ ਅਧਿਕਾਰੀਆਂ ਮੁਤਾਬਕ ਦਿੱਲੀ ਸਕੱਤਰੇਤ ਅੰਦਰ ਸਥਿਤ ਇਨ੍ਹਾਂ ਦਫ਼ਤਰਾਂ ਦੇ ਨਵੀਨੀਕਰਨ ਦਾ ਕੰਮ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਨੂੰ ਦਿੱਤਾ ਗਿਆ ਹੈ। ਲੋਕ ਨਿਰਮਾਣ ਵਿਭਾਗ ਨੇ ਇਸ ਸਬੰਧ ਵਿੱਚ ਹੁਕਮ ਵੀ ਜਾਰੀ ਕਰ ਦਿੱਤੇ ਹਨ। ਪੀਡਬਲਿਊਡੀ ਦੇ ਡਿਪਟੀ ਸਕੱਤਰ (ਵਰਕਸ) ਅਨਿਲ ਭੋਲਾ ਨੇ ਆਦੇਸ਼ ਵਿੱਚ ਕਿਹਾ ਕਿ ਇੰਜੀਨੀਅਰ-ਇਨ-ਚੀਫ਼ ਪੀਡਬਲਯੂਡੀ ਦੇ ਪ੍ਰਸਤਾਵ ਦੇ ਤਹਿਤ ਦਿੱਲੀ ਸਕੱਤਰੇਤ ਵਿਖੇ 35,99,44,400 ਰੁਪਏ ਦੀ ਅਨੁਮਾਨਿਤ ਲਾਗਤ ਨਾਲ ਨਵੀਨੀਕਰਨ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧ ਵਿਚ ਪ੍ਰਸਤਾਵ ਤਿਆਰ ਕਰਕੇ ਇਸ ਸਾਲ 24 ਫਰਵਰੀ ਨੂੰ ਮਨਜ਼ੂਰੀ ਲਈ ਪੇਸ਼ ਕੀਤਾ ਗਿਆ ਸੀ। ਵਰਤਮਾਨ ਵਿੱਚ ਕੇਜਰੀਵਾਲ ਤੇ ਉਸਦੀ ਕੈਬਨਿਟ, ਹੋਰ ਨੌਕਰਸ਼ਾਹਾਂ ਤੇ ਅਧਿਕਾਰੀਆਂ ਨਾਲ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਨੇੜੇ ਦਿੱਲੀ ਸਕੱਤਰੇਤ ਵਿੱਚ ਆਪਣੇ ਦਫਤਰਾਂ ਤੋਂ ਕੰਮ ਕਰਦੇ ਹਨ। ਏਸ਼ੀਅਨ ਖੇਡਾਂ 1982 ਦੇ ਖਿਡਾਰੀਆਂ ਦੇ ਰਹਿਣ ਲਈ ਪਲੇਅਰਜ਼ ਬਿਲਡਿੰਗ ਨੂੰ ਹੋਟਲ ਵਜੋਂ ਬਣਾਇਆ ਗਿਆ ਸੀ। ਇੱਕ ਵੱਖਰੇ ਪ੍ਰੋਜੈਕਟ ਵਿੱਚ ਪੀਡਬਲਿਊਡੀ ਲਗਪਗ 2,000 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਆਈ.ਟੀ.ਓ. ਨੇੜੇ ਦੋ ਨਵੀਆਂ ਬਹੁ-ਮੰਜ਼ਿਲਾ ਅਤੇ ਵਾਤਾਵਰਣ-ਅਨੁਕੂਲ ਇਮਾਰਤਾਂ ਵੀ ਬਣਾਏਗਾ। ਇਨ੍ਹਾਂ ਇਮਾਰਤਾਂ ਵਿੱਚ ਮੁੱਖ ਮੰਤਰੀ ਤੇ ਕੈਬਨਿਟ ਮੰਤਰੀਆਂ ਦੇ ਨਾਲ-ਨਾਲ ਦਿੱਲੀ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਨੌਕਰਸ਼ਾਹਾਂ ਦੇ ਦਫ਼ਤਰ ਵੀ ਰਹਿਣਗੇ।