ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਸਤੰਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਕਰੋਨਾਵਾਇਰਸ ਦੀ ਦੂਜੀ ਲਹਿਰ ਨੇ ਰਾਸ਼ਟਰੀ ਰਾਜਧਾਨੀ ਵਿੱਚ ਆਪਣੇ ਸਿਖਰ ਨੂੰ ਛੂਹ ਲਿਆ ਹੈ। ਮਾਹਿਰਾਂ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਲਾਗ ਦੇ ਕੇਸ ਘੱਟ ਜਾਣਗੇ। ਕੇਜਰੀਵਾਲ ਨੇ ਕਿਹਾ ਕਿ ਸਾਰੇ ਮਾਹਿਰ ਮੰਨਦੇ ਹਨ ਕਿ ਦੂਜੀ ਲਹਿਰ (ਕਰੋਨਾਵਾਇਰਸ) ਜੋ ਦਿੱਲੀ ਵਿੱਚ ਆਈ ਸੀ, ਇਸ ਦੇ ਸਿਖਰ ’ਤੇ ਆ ਗਈ ਜਾਪਦੀ ਹੈ। ਹੁਣ ਆਉਣ ਵਾਲੇ ਦਿਨਾਂ ਵਿਚ ਕੇਸ ਘੱਟ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਚੁੱਕੇ ਗਏ ਕਦਮਾਂ ਕਾਰਨ ਕੇਸ ਹੇਠਾਂ ਆਉਣਗੇ। ਉਨ੍ਹਾਂ ਦੱਸਿਆ ਕਿ ਦਿੱਲੀ ਵਿਚ 3834 ਤਾਜ਼ਾ ਕੋਵਿਡ -19 ਦੇ ਕੇਸ ਦਰਜ ਕੀਤੇ ਗਏ ਕਿਉਂਕਿ ਸ਼ਹਿਰ ਵਿਚ ਲਾਗ ਦੀ ਗਿਣਤੀ 2 ਲੱਖ 60623 ਤੋਂ ਵੱਧ ਹੋ ਗਈ ਹੈ ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 5123 ਹੋ ਗਈ ਹੈ। ਦਿੱਲੀ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ ਸ਼ਹਿਰ ਵਿੱਚ 59000 ਤੋਂ ਵੱਧ ਕੋਵਿਡ -19 ਟੈਸਟ ਕੀਤੇ ਗਏ।ਸ਼ਹਿਰ ਵਿੱਚ ਕੋਵਿਡ -19 ਦੇ ਕੇਸ 1 ਜੁਲਾਈ ਤੋਂ 17 ਅਗਸਤ ਦਰਮਿਆਨ ਵੱਡੇ ਪੱਧਰ ’ਤੇ ਸਨ ਤੇ ਹਰ ਰੋਜ਼ 1100-1200 ਨਵੇਂ ਕੇਸ ਸਾਹਮਣੇ ਆ ਰਹੇ ਸਨ। 17 ਅਗਸਤ ਤੋਂ ਮਾਮਲਿਆਂ ਵਿਚ ਤਕਰੀਬਨ 1100 ਤੋਂ 1500 ਤੱਕ ਮਾਮੂਲੀ ਜਿਹਾ ਵਾਧਾ ਹੋਇਆ ਤੇ ਤੁਰੰਤ ਹਰ ਰੋਜ਼ ਤਕਰੀਬਨ 20000 ਤੋਂ 60000 ਦੇ ਟੈਸਟ ਕੀਤੇ ਗਏ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਨੂੰ ਹਰਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਮਾਮਲਿਆਂ ਦੀ ਪਛਾਣ ਕਰਨ ਤੇ ਅਲੱਗ ਕਰਨ ਲਈ ਹਮਲਾਵਰ ਹੋਣਾ ਹੈ। ਦਿੱਲੀ ਵਿਚ ਕਰੋਨਾਵਾਇਰਸ ਦੇ ਕੇਸਾਂ ਵਿਚ ਵਾਧਾ ਹੋਇਆ ਹੈ ਕਿਉਂਕਿ ਟੈਸਟਿੰਗ ਵਿਚ ਵੱਡੇ ਪੱਧਰ ਤੇ ਵਾਧਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ 16 ਸਤੰਬਰ ਨੂੰ ਰੋਜ਼ਾਨਾ ਕੇਸ 4500 ਦੇ ਆਸ ਪਾਸ ਸਨ ਜੋ ਹੁਣ ਹੇਠਾਂ ਆਉਣੇ ਸ਼ੁਰੂ ਹੋ ਗਏ ਹਨ ਤੇ ਇਸ ਵੇਲੇ ਰੋਜ਼ਾਨਾ ਤਕਰੀਬਨ 3700 ਮਾਮਲੇ ਸਾਹਮਣੇ ਆ ਰਹੇ ਹਨ। ਕੇਜਰੀਵਾਲ ਨੇ ਉਮੀਦ ਜਤਾਈ ਕਿ ਅਗਸਤ ਦੇ ਅੱਧ ਵਿਚ 550 ਤੋਂ ਵਧਾਏ ਜਾ ਰਹੇ ਕੰਟੇਨਮੈਂਟ ਜ਼ੋਨ ਹੁਣ ਹੌਲੀ-ਹੌਲੀ ਆਉਂਦੇ ਦਿਨਾਂ ਵਿਚ ਕੋਵਿਡ -19 ਦੇ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਨੂੰ ਹੇਠਾਂ ਲਿਆਉਣਗੇ।
ਫਰੀਦਾਬਾਦ (ਪੱਤਰ ਪ੍ਰੇਰਕ): ਡਿਪਟੀ ਸਿਵਲ ਸਰਜਨ ਤੇ ਜ਼ਿਲ੍ਹਾ ਨੋਡਲ ਅਫ਼ਸਰ-ਕਰੋਨਾ ਡਾ. ਰਾਮਭਗਤ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ 240 ਨਵੇਂ ਕੇਸ ਸਾਹਮਣੇ ਆਏ ਹਨ ਜਿਸ ਵਿੱਚ ਕਰੋਨਾ ਅਤੇ ਹੋਰ ਕਈ ਬਿਮਾਰੀਆਂ ਵੀ ਇਸ ਦਾ ਕਾਰਨ ਸਨ। ਹੁਣ ਤੱਕ 211 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। 43 ਮਰੀਜ਼ਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਸ ਨਾਲ 10 ਮਰੀਜ਼ਾਂ ਨੂੰ ਆਈਸੀਯੂ ਵਿਚ ਰੱਖਿਆ ਗਿਆ ਹੈ। ਜ਼ਿਲ੍ਹੇ ਵਿੱਚ ਹੁਣ ਤੱਕ 112128 ਵਿਅਕਤੀਆਂ ਦੀ ਨਿਗਰਾਨੀ ਕੀਤੀ ਜਾ ਚੁੱਕੀ ਹੈ ਜਿਸ ਵਿੱਚੋਂ 69148 ਲੋਕਾਂ ਦੀ ਨਿਗਰਾਨੀ ਲਈ 28 ਦਿਨਾਂ ਦੀ ਮਿਆਦ ਪੂਰੀ ਕੀਤੀ ਗਈ ਹੈ। ਬਾਕੀ 42980 ਵਿਅਕਤੀ ਨਿਗਰਾਨੀ ਹੇਠ ਹਨ।