ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 16 ਜੁਲਾਈ
ਦਿੱਲੀ ਤੇ ਐੱਨਸੀਆਰ ਦੇ ਇਲਾਕਿਆਂ ਵਿੱਚ ਬੀਤੇ ਤਿੰਨ ਦਿਨਾਂ ਦੀ ਮੀਂਹ ਦੀ ਘਾਟ ਦੂਰ ਕਰਦਿਆਂ ਅੱਜ ਬਾਰਿਸ਼ ਨੇ ਕਈ ਇਲਾਕੇ ਪਾਣੀ ਨਾਲ ਤਰ-ਬਤਰ ਕਰ ਦਿੱਤੇ। ਹਰ ਵਾਰ ਦੀ ਤਰ੍ਹਾਂ ਇਸ ਮੀਂਹ ਨਾਲ ਵੀ ਦਿੱਲੀ ਦੀਆਂ ਕਈ ਸੜਕਾਂ ਜਲਥਲ ਹੋ ਗਈਆਂ, ਜਿਸ ਕਾਰਨ ਆਮ ਲੋਕਾਂ ਨੂੰ ਸੜਕਾਂ ’ਤੇ ਜਾਮ ਦਾ ਸਾਹਮਣਾ ਕਰਨਾ ਪਿਆ। ਇਸ ਮੀਂਹ ਨੇ ਦਿੱਲੀ ਸਰਕਾਰ ਤੇ ਦਿੱਲੀ ਨਗਰ ਨਿਗਮ ਸਮੇਤ ਦਿੱਲੀ ਵਿਕਾਸ ਅਥਾਰਿਟੀ (ਡੀਡੀਏ) ਵੱਲੋਂ ਪਾਣੀ ਨਿਕਾਸੀ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਐੱਨਸੀਆਰ ਦੇ ਸ਼ਹਿਰਾਂ ਫਰੀਦਾਬਾਦ, ਗੁਰੂਗ੍ਰਾਮ, ਗਾਜ਼ੀਆਬਾਦ, ਨੋਇਡਾ ਤੇ ਹੋਰ ਇਲਾਕਿਆਂ ਵਿੱਚ ਮੀਂਹ ਨੇ ਜ਼ੋਰ ਦਿਖਾਇਆ। ਕੌਮੀ ਰਾਜਧਾਨੀ ਦੇ ਕਈ ਇਲਾਕਿਆਂ ਵਿੱਚ ਦੁਪਹਿਰ ਨੂੰ ਬਾਰਸ਼ ਹੋਈ, ਜਿਸ ਨਾਲ ਲੋਕਾਂ ਨੂੰ ਨਮੀ ਤੇ ਗਰਮੀ ਤੋਂ ਰਾਹਤ ਮਿਲੀ। ਮੌਸਮ ਵਿਭਾਗ ਨੇ ਦਿੱਲੀ-ਐੱਨਸੀਆਰ ਦੇ ਵੱਖ-ਵੱਖ ਹਿੱਸਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ ਦੀ ਵੀ ਭਵਿੱਖਬਾਣੀ ਕੀਤੀ ਸੀ। ਨਵੀਂ ਦਿੱਲੀ ਲਈ ਆਈਐੱਮਡੀ ਦੇ ਖੇਤਰੀ ਮੌਸਮ ਪੂਰਵ ਅਨੁਮਾਨ ਕੇਂਦਰ ਨੇ ਟਵੀਟ ਕੀਤਾ ਸੀ ਕਿ ਅਗਲੇ 2 ਘੰਟਿਆਂ ਦੌਰਾਨ ਦਿੱਲੀ-ਐੱਨਸੀਆਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਕਈ ਹਿੱਸਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਸ਼ ਜਾਰੀ ਰਹਿਣ ਦੀ ਸੰਭਾਵਨਾ ਹੈ।
ਦਿੱਲੀ-ਐੱਨਸੀਆਰ ਦੇ ਕੈਲਾਸ਼ ਕਲੋਨੀ, ਸਰਿਤਾ ਵਿਹਾਰ, ਬੁਰਾੜੀ, ਨੋਇਡਾ, ਸ਼ਾਹਦਰਾ, ਨੇਵਾਦਾ, ਗੋਵਿੰਦ ਪੁਰੀ, ਆਈਐੱਸਬੀਟੀ ਨੇੜੇ ਰਿੰਗ ਰੋਡ ਅਤੇ ਇੰਡੀਆ ਗੇਟ ਦੇ ਆਲੇ-ਦੁਆਲੇ ਇਲਾਕਿਆਂ ਵਿੱਚ ਬਾਰਿਸ਼ ਹੋਈ। ਲੋਕਾਂ ਨੇ ਟਵਿਟਰ ’ਤੇ ਕੌਮੀ ਰਾਜਧਾਨੀ ’ਚ ਮੀਂਹ ਦੀਆਂ ਤਸਵੀਰਾਂ ਪੋਸਟ ਕੀਤੀਆਂ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਵੀ ਸਵੇਰੇ ਸ਼ਹਿਰ ਵਿੱਚ ਬੱਦਲਵਾਈ ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਸੀ। ਆਈਐੱਮਡੀ ਨੇ ਸਵੇਰੇ ਕਿਹਾ ਸੀ, ‘‘ਰਾਸ਼ਟਰੀ ਰਾਜਧਾਨੀ ਵਿੱਚ ਅਗਲੇ ਕੁਝ ਦਿਨਾਂ ਵਿੱਚ ਗਰਜ ਦੇ ਨਾਲ ਆਮ ਤੌਰ ’ਤੇ ਬੱਦਲਵਾਈ ਅਤੇ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।’’ ਘੱਟੋ-ਘੱਟ ਤਾਪਮਾਨ 28.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇੱਕ ਡਿਗਰੀ ਵੱਧ ਹੈ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਈਐੱਮਡੀ ਬੁਲੇਟਿਨ ਨੇ ਕਿਹਾ ਕਿ ਸਵੇਰੇ 8.30 ਵਜੇ ਨਮੀ 72 ਫੀਸਦੀ ਦਰਜ ਕੀਤੀ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਦੁਪਹਿਰ 1.05 ਵਜੇ ਦੇ ਆਸ-ਪਾਸ ਦਿੱਲੀ ਦੀ ਹਵਾ ਗੁਣਵੱਤਾ ਸੂਚਕਾਂਕ ਤਸੱਲੀਬਖਸ਼ (85) ਸ਼੍ਰੇਣੀ ਵਿੱਚ ਦਰਜ ਕੀਤਾ ਗਿਆ।