ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੁਲਾਈ
ਬਰਸਾਤਾਂ ਦੌਰਾਨ ਜ਼ਖੀਰਾ ਅੰਡਰਪਾਸ ਵਿੱਚ ਪਾਣੀ ਭਰ ਜਾਣ ਕਾਰਨ ਇੱਥੋਂ ਆਉਣ-ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਰੇਲਵੇ ਲਾਈਨ ਤੋਂ ਡਿੱਗਣ ਵਾਲੇ ਕੂੜੇ ਕਾਰਨ ਸਾਰਾ ਕੂੜਾ ਅੰਡਰਪਾਸ ਅਤੇ ਇੱਥੇ ਮੌਜੂਦ ਪੰਪਾਂ ਵਿੱਚ ਜਾਮ ਹੋ ਜਾਂਦਾ ਹੈ। ਜਿਸ ਕਾਰਨ ਇੱਥੇ ਪਾਣੀ ਭਰਨ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਸਬੰਧੀ 20 ਜੂਨ ਨੂੰ ਪ੍ਰਮੁੱਖ ਸਕੱਤਰ, ਲੋਕ ਨਿਰਮਾਣ ਵਿਭਾਗ, ਦਿੱਲੀ ਸਰਕਾਰ ਦੀ ਪ੍ਰਧਾਨਗੀ ਹੇਠ ਰੇਲਵੇ ਸਮੇਤ ਹੋਰ ਏਜੰਸੀਆਂ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਰੇਲਵੇ ਅਧਿਕਾਰੀਆਂ ਨੂੰ ਰੇਲਵੇ ਵੱਲੋਂ ਪਾਈਪਾਂ ਦਾ ਆਕਾਰ ਵਧਾਉਣ, ਰੇਲਵੇ ਦੀ ਜ਼ਮੀਨ ’ਤੇ ਰਹਿੰਦ-ਖੂੰਹਦ ਨੂੰ ਹਟਾਉਣ, ਰੇਲਵੇ ਵੱਲੋਂ ਵਿਛਾਈਆਂ ਗਈਆਂ ਪੁਲੀਆਂ ਅਤੇ ਪਾਈਪਾਂ ਨਾਲੀਆਂ ਦੇ ਨਾਲ-ਨਾਲ ਰੇਲਵੇ ਦੀ ਜ਼ਮੀਨ ’ਤੇ ਕੀਤੇ ਗਏ ਕਬਜ਼ੇ ਨੂੰ ਦੂਰ ਕਰਨ ਲਈ ਕਿਹਾ ਤੇ ਅਣਅਧਿਕਾਰਤ ਕਾਰੋਬਾਰੀ ਗਤੀਵਿਧੀਆਂ ਨੂੰ ਹਟਾਉਣ ਦੀ ਅਪੀਲ ਕੀਤੀ। ਹੁਣ ਜਦੋਂ ਮੌਨਸੂਨ ਸ਼ੁਰੂ ਹੋ ਗਿਆ ਹੈ ਅਤੇ ਕਈ ਕੋਸ਼ਿਸ਼ਾਂ ਦੇ ਬਾਵਜੂਦ ਰੇਲਵੇ ਅਧਿਕਾਰੀਆਂ ਵੱਲੋਂ ਇਨ੍ਹਾਂ ਮੁੱਦਿਆਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਸਬੰਧੀ ਉਪ ਮੁੱਖ ਮੰਤਰੀ ਅਤੇ ਲੋਕ ਨਿਰਮਾਣ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਜਾਣੂ ਕਰਵਾਇਆ ਹੈ।
ਮਾਨਸੂਨ ਦੌਰਾਨ ਇੱਥੇ ਲੋਕਾਂ ਨੂੰ ਕਾਫੀ ਦਿੱਕਤਾਂ ਪੇਸ਼ ਆਉਂਦੀਆਂ ਹਨ ਅਤੇ ਕਈ ਵਾਰ ਇਹ ਲੋਕਾਂ ਲਈ ਬਹੁਤ ਖਤਰਨਾਕ ਸਾਬਤ ਹੁੰਦਾ ਹੈ। ਇਸ ਸਮੱਸਿਆ ਦੇ ਹੱਲ ਲਈ ਦਿੱਲੀ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਨੇ ਰੇਲਵੇ ਸਮੇਤ ਹੋਰ ਹਿੱਸੇਦਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ।