ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਕਤੂਬਰ
ਇਕ ਕੁੜੀ ਨਾਲ ਦੋਸਤੀ ਕਾਰਨ 18 ਸਾਲਾਂ ਦੇ ਬੀਏ ਦੇ ਵਿਦਿਆਰਥੀ ਦੇ ਕਤਲ ਦੇ ਕਥਿਤ ਦੋਸ਼ ਹੇਠ ਦਿੱਲੀ ਪੁਲੀਸ ਵੱਲੋਂ 3 ਨਾਬਾਲਗਾਂ ਸਮੇਤ 5 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਧਰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਸੂਬਾ ਸਰਕਾਰ ਵੱਲੋਂ 10 ਲੱਖ ਰੁਪਏ ਦੀ ਵਿੱਤੀ ਮਦਦ ਦਾ ਐਲਾਨ ਕੀਤਾ ਗਿਆ। ਮ੍ਰਿਤਕ ਦੀ ਪਛਾਣ ਆਦਰਸ਼ ਨਗਰ ਦੇ ਜਹਾਂਗੀਰਪੁਰੀ ਇਲਾਕੇ ਦੇ ਵਾਸੀ ਰਾਹੁਲ ਵੱਜੋਂ ਹੋਈ ਜੋ ਟਿਊਸ਼ਨ ਪੜ੍ਹਾਉਂਦਾ ਸੀ। ਪੁਲੀਸ ਅਧਿਕਾਰੀ ਵਿਜੈਅੰਤ ਆਰੀਆ ਨੇ ਕਿਹਾ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਉਸ ਦੀ ਲੜਕੀ ਨਾਲ ਦੋਸਤੀ ਸੀ ਜਿਸ ਦਾ ਵਿਰੋਧ ਕੁੜੀ ਦੇ ਮਾਪੇ ਕਰਦੇ ਸਨ। ਕੁੜੀ ਦੇ ਭਰਾ ਤੇ ਹੋਰਨਾਂ ਨੇ ਲੜਕੇ ਨੂੰ ਬੁਰੀ ਤਰ੍ਹਾਂ ਕੁਟਾਪਾ ਚਾੜ੍ਹਿਆ ਤੇ ਉਸ ਦੀ ਹਸਪਤਾਲ ਵਿੱਚ ਮੌਤ ਹੋ ਗਈ। ਸੀਸੀਟੀਵੀ ਫੁਟੇਜ਼ ਵਿੱਚ ਵੀ ਉਸ ਨੂੰ ਕੁੱਝ ਲੋਕ ਕੁੱਟਦੇ ਹੋਏ ਦਿੱਸਦੇ ਹਨ। ਰਾਹੁਲ ਦੇ ਪਿਤਾ ਮੁਤਾਬਕ ਕੁੱਝ ਲੋਕ ਤਮਾਸ਼ਬੀਨ ਬਣੇ ਰਹੇ ਤੇ ਦੂਜੇ ਲੋਕ ਉਸ ਨੂੰ ਕੁੱਟਦੇ ਰਹੇ। ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਪਰਿਵਾਰ ਪਿੰਡੋਂ ਦਿੱਲੀ ਸਥਾਪਤ ਹੋਣ ਆਇਆ ਸੀ। ਪਰਿਵਾਰ ਸਦਮੇ ਵਿੱਚ ਹੈ ਤੇ ਦਿੱਲੀ ਸਰਕਾਰ ਵੱਲੋਂ 10 ਲੱਖ ਰੁਪਏ ਪੀੜਤ ਪਰਿਵਾਰ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ ਵਿੱਚ ਮੌਤ ਦਾ ਕਾਰਨ ਗੰਭੀਰ ਸੱਟਾਂ ਦੱਸਿਆ ਜਾ ਰਿਹਾ ਹੈ।