ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਕਤੂਬਰ
ਦਿੱਲੀ ਦੇ ਸਮਾਜ ਭਲਾਈ ਤੇ ਗੁਰਦੁਆਰਾ ਚੋਣ ਮੰਤਰੀ ਵੱਜੋਂ ਰਾਜਿੰਦਰ ਪਾਲ ਗੌਤਮ ਵੱਲੋਂ ਅਸਤੀਫ਼ਾ ਦੇਣ ਮਗਰੋਂ ‘ਆਪ’ ਦੇ ਤਿੰਨ ਵਿਧਾਇਕ ਇਸ ਮੰਤਰਾਲੇ ਨੂੰ ਪਾਉਣ ਦੀ ਦੌੜ ਵਿੱਚ ਸ਼ਾਮਲ ਦੱਸੇ ਜਾ ਰਹੇ ਹਨ। ਇਨ੍ਹਾਂ ਵਿਧਾਇਕਾਂ ਵਿੱਚ ਅੰਬੇਦਕਰ ਨਗਰ ਤੋਂ ਵਿਧਾਇਕ ਅਜੈ ਦੱਤ, ਕੌਂਡਲੀ ਦੇ ਵਿਧਾਇਕ ਕੁਲਦੀਪ ਕੁਮਾਰ ਤੇ ਕਰੋਲ ਬਾਗ਼ ਤੋਂ ਵਿਧਾਇਕ ਵਿਸ਼ੇਸ਼ ਰਵੀ ਵਿੱਚੋਂ ਕਿਸੇ ਇੱਕ ਦਾ ਗੁਣਾ ਪੈ ਸਕਦਾ ਹੈ। ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਗੁਜਰਾਤ ਚੋਣਾਂ ਵਿੱਚ ਰੁੱਝੇ ਹੋਏ ਹਨ ਤੇ ਉਨ੍ਹਾਂ ਦੇ ਦਿੱਲੀ ਆਉਣ ਮਗਰੋਂ ਉਕਤ ਮਹਿਕਮੇ ਲਈ ਮੰਤਰੀ ਚੁਣ ਲਿਆ ਜਾਵੇਗਾ। ਇਸ ’ਤੇ ਕੇਜਰੀਵਾਲ ਦੀ ਸਵੱਲੀ ਨਜ਼ਰ ਪਵੇਗੀ ਉਹ ਹੀ ਇਹ ਮੰਤਰਾਲਾ ਸਾਂਭੇਗਾ।
ਸੂਤਰਾਂ ਮੁਤਾਬਕ, ਰਾਜੇਂਦਰ ਪਾਲ ਗੌਤਮ ਦਾ ਅਸਤੀਫ਼ਾ ਰਾਸ਼ਟਰਪਤੀ ਕੋਲ ਮਨਜ਼ੂਰੀ ਲਈ ਭੇਜ ਦਿੱਤਾ ਗਿਆ ਹੈ। ਸ੍ਰੀ ਗੌਤਮ ਦਾ ਮਹਿਕਮਾ ਫਿਲਹਾਲ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੂੰ ਦਿੱਤਾ ਗਿਆ ਹੈ। ਸ੍ਰੀ ਗੌਤਮ ਵੱਲੋਂ ਬੁੱਧ ਧਰਮ ਦੇ ਦੀਕਸ਼ਾ ਸਮਾਗਮ ਵਿੱਚ ਜਾਣ ਤੇ ਉੱਥੇ ਹਿੰਦੂ ਦੇਵਤਿਆਂ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਮਗਰੋਂ ਗੌਤਮ ਨੇ ਇਹ ਆਖਦਿਆਂ ਅਸਤੀਫ਼ਾ ਦੇ ਦਿੱਤਾ ਸੀ ਕਿ ਉਹ ਆਪਣੇ ਆਗੂ (ਕੇਜਰੀਵਾਲ) ਨੂੰ ਮੁਸੀਬਤ ਵਿੱਚ ਨਹੀਂ ਪਾਉਣਾ ਚਾਹੁੰਦੇ।