ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਮਾਰਚ
ਦਿੱਲੀ ਨਗਰ ਨਿਗਮ ਦੀਆਂ ਕੁੱਝ ਮਹੀਨੇ ਲਈ ਟਲ ਗਈਆਂ ਚੋਣਾਂ ਕਾਰਨ ਮਿਲੇ ਸਮੇਂ ਦਾ ਲਾਹਾ ਲੈਂਦਿਆਂ ਦਿੱਲੀ ਸਰਕਾਰ ਦੇ ਲੋਕ ਨਿਰਮਾਣ ਮਹਿਕਮੇ ਨੇ ਰਹਿੰਦੇ ਪ੍ਰਾਜੈਕਟਾਂ ਨੂੰ ਪੂਰਾ ਕਰਨ ਵਿੱਚ ਤੇਜ਼ੀ ਲਿਆਂਦੀ ਹੈ। ਲੋਕ ਨਿਰਮਾਣ ਮਹਿਕਮੇ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕੰਮ ਵਾਲੇ ਦਿਨ ਦਾ ਪਹਿਲਾ ਸਮਾਂ ਦਿੱਲੀ ਵਿੱਚ ਉਸਾਰੀ ਕਾਰਜਾਂ ਵਾਲੀਆਂ ਥਾਵਾਂ ਉਪਰ ਲਾਉਣ ਤਾਂ ਜੋ ਉਸਾਰੀ ਪ੍ਰਾਜੈਕਟ ਪੂਰੇ ਕਰਨ ਵਿੱਚ ਤੇਜ਼ੀ ਆ ਸਕੇ। ਪੀਡਬਲਿਊਡੀ ਦੇ ਜੂਨੀਅਰ ਇੰਜਨੀਅਰਾਂ, ਸਹਾਇਕ ਇੰਜਨੀਅਰਾਂ ਤੇ ਕਾਰਜਸਾਧਕ ਇੰਜਨੀਅਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਨ੍ਹਾਂ ਥਾਂ ਦਾ ਦੌਰਾ ਲਾਜ਼ਮੀ ਕਰਨ। ਮੁੱਖ ਇੰਜਨੀਅਰ ਨੂੰ ਕਿਹਾ ਗਿਆ ਕਿ ਉਹ ਸਬੰਧਤ ਜ਼ੋਨਾਂ ਵਿੱਚ ਹਫ਼ਤੇ ਵਿੱਚ ਘੱਟੋ-ਘੱਟ ਦੋ ਦਿਨ ਤਾਂ ਜ਼ਰੂਰ ਅਜਿਹੀਆਂ ਥਾਵਾਂ ਉਪਰ ਲਾਉਣ ਜਿੱਥੇ ਪ੍ਰਾਜੈਕਟ ਚੱਲ ਰਹੇ ਹਨ। ਜ਼ਿਕਰਯੋਗ ਹੈ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ 23 ਫਰਵਰੀ ਨੂੰ ਲੋਕ ਨਿਰਮਾਣ ਮੰਤਰੀ ਦਾ ਕਾਰਜ ਸਤਿੰਦਰ ਜੈਨ ਤੋਂ ਆਪਣੇ ਕੋਲ ਲੈਣ ਮਗਰੋਂ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਦੀ ਕੋਸ਼ਿਸ਼ ਤਹਿਤ ਉਕਤ ਫੁਰਮਾਨ ਅਧਿਕਾਰੀਆਂ ਨੂੰ ਜਾਰੀ ਕੀਤਾ ਗਿਆ ਹੈ। ਜਾਰੀ ਹਦਾਇਤ ਮੁਤਾਬਕ ਸੁਪਰਡੈਂਟ ਇੰਜਨੀਅਰ ਵੱਲੋਂ ਰੋਜ਼ਾਨਾ ਅਚਾਨਕ ਪ੍ਰਾਜੈਕਟਾਂ ਦਾ ਨਰੀਖਣ ਕੀਤਾ ਜਾਵੇਗਾ। ਮਹਿਕਮੇ ਵੱਲੋਂ ਜਾਰੀ ਪੱਤਰ ਮੁਤਾਬਕ ਮੁੱਖ ਇੰਜਨੀਅਰ ਵੱਲੋਂ ਇੰਜਨੀਅਰ-ਇਨ-ਚੀਫ਼ ਨੂੰ ਇੱਕ ਰਿਪੋਰਟ ਵੀ ਦਿੱਤੀ ਜਾਵੇਗੀ ਅਤੇ ਸਾਰੇ ਚੱਲ ਰਹੇ ਪ੍ਰਾਜੈਕਟਾਂ ਦੀ 15 ਦਿਨਾਂ ਦੀ ਰਿਪੋਰਟ ਲੋਕ ਨਿਰਮਾਣ ਮਹਿਕਮੇ ਦੇ ਸਕੱਤਰ ਨੂੰ ਭੇਜੀ ਜਾਵੇਗੀ। ਇਸ ਤੋਂ ਇਲਾਵਾ ਸਾਰੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਗਿਆ ਕਿ ਉਹ ਨਿਰੀਖਣ ਕੀਤੀਆਂ ਥਾਵਾਂ ਉਪਰੋਂ ਆਪਣੀਆਂ ਸੈਲਫੀਆਂ ਵੀ ਖਿੱਚ ਕੇ ਇੰਜਨੀਅਰ-ਇਨ-ਚੀਫ਼ ਨੂੰ ਭੇਜਣਗੇ।