ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਸਤੰਬਰ
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਅੱਜ ਉਚ ਪੱਧਰੀ ਵਫਦ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਸਿਕਲੀਗਰ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਭਾਈਚਾਰੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਚਰਚਾ ਕੀਤੀ। ਵਫਦ ਵਿਚ ਹੋਰਨਾਂ ਤੋਂ ਇਲਾਵਾ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਵੀ ਸ਼ਾਮਲ ਸਨ।
ਮੀਟਿੰਗ ਮਗਰੋਂ ਸਿਰਸਾ ਨੇ ਦੱਸਿਆ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਮੁੱਖ ਮੰਤਰੀ ਕੋਲ ਇਹ ਮਾਮਲਾ ਚੁੱਕਿਆ ਸੀ। ਇਸ ਮਗਰੋਂ ਮੁੱਖ ਮੰਤਰੀ ਨਾਲ ਚਰਚਾ ਕਰਨ ਇਥੇ ਪੁੱਜੇ ਹਾਂ। ਸਿਕਲੀਗਰ ਸਿੱਖਾਂ ਦੇ ਖਿਲਾਫ ਝੂਠੇ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਖਜੱਲ ਖੁਆਰ ਕੀਤਾ ਜਾ ਰਿਹਾ ਹੈ ਤੇ ਜੰਗਲਾਂ ਵਿਚ ਰਹਿਣ ਨੁੰ ਮਜਬੂਰ ਕੀਤਾ ਜਾ ਰਿਹਾ ਹੈ। ਮੰਗ ਪੱਤਰ ਵਿਚ ਦੱਸੇ ਮੁੱਦਿਆਂ ਬਾਰੇ ਮੁੱਖ ਸਕੱਤਰ ਤੋਂ ਤੁਰੰਤ ਰਿਪੋਰਟ ਤਲਬ ਕੀਤੀ ਗਈ। ਵਫਦ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਗੁਰਦੁਆਰਾ ਨਾਨਕਸਰ ਹਮੀਦੀਆ ਰੋਡ ਭੋਪਾਲ ਦੀ ਲੀਜ਼ ਦਾ ਸਮਾਂ ਵਧਾਇਆ ਜਾਵੇ ਅਤੇ ਇਹ ਲੀਜ਼ ਗੁਰਦੁਆਰੇ ਦੇ ਨਾਂ ਕੀਤੀ ਜਾਵੇ। ਖਾਰੇਗਾਓਂ ਇਲਾਕੇ ਵਿਚ ਜਿਹੜੀਆਂ ਦੁਕਾਨਾਂ ਤੇ ਢਾਬੇ ਢਾਹੇ ਗਏ ਸਨ, ਉਹ ਮੁੜ ਉਸਾਰ ਕੇ ਸਿਕਲੀਗਰ ਸਿੱਖਾਂ ਨੂੰ ਦਿੱਤੇ ਜਾਣ।
ਵਫਦ ਨੇ ਦੱਸਿਆ ਕਿ ਸਿਕਲੀਗਰਾਂ ਖ਼ਿਲਾਫ਼ ਝੂਠੇ ਕੇਸ ਦਰਜ ਕਰਨੇ ਬੰਦ ਕੀਤੇ ਜਾਣ, ਦਰਜ ਝੂਠੀਆਂ ਐੱਫਆਈਆਰ ਰੱਦ ਕੀਤੀਆਂ ਜਾਣ, ਸਿੱਖ ਸਿਕਲੀਗਰ ਨੌਜਵਾਨਾਂ ਨੂੰ ਆਰਡੀਨੈਂਸ ਫੈਕਟਰੀਆਂ ਵਿਚ ਜਾਂ ਸਰਕਾਰੀ ਨੌਕਰੀਆਂ ’ਤੇ ਰੱਖਿਆ ਜਾਵੇ ਅਤੇ ਉਨ੍ਹਾਂ ਦੀ ਕਿਸੇ ਥਾਂ ਤੋਂ ਕਬਜ਼ਾ ਛੁਡਵਾਉਣ ਵਰਗੀਆਂ ਕਾਰਵਾਈਆਂ ਨਾ ਕੀਤੀਆਂ ਜਾਣ ਅਤੇ ਅਜਿਹੀਆਂ ਥਾਵਾਂ ਦੀ ਮਾਲਕੀ ਇਨ੍ਹਾਂ ਨੂੰ ਦਿੱਤੀ ਜਾਵੇ।