ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੂਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਫ਼ਗਾਨਿਸਤਾਨ ਵਿੱਚ ਦਹਿਸ਼ਤਗਰਦੀ ਦਾ ਸ਼ਿਕਾਰ ਹੋਏ ਸਿੱਖਾਂ ਦੇ ਵਾਰਸਾਂ ਨੂੰ ਇੱਕ-ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਅਜੇ ਵਫ਼ਾ ਨਹੀਂ ਕੀਤਾ ਹੈ। ਇਸ ਸਬੰਧੀ ਗਲੋਬਲ ਸਿੱਖ ਕੌਂਸਲ (ਅਮਰੀਕਾ) ਦੇ ਪ੍ਰਧਾਨ ਪਰਮਜੀਤ ਸਿੰਘ ਬੇਦੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪੱਤਰ ਲਿਖ ਕੇ ਕਮੇਟੀ ਵੱਲੋਂ ਕੀਤੇ ਵਾਅਦੇ ਯਾਦ ਕਰਵਾਏ ਹਨ। ਸ੍ਰੀ ਬੇਦੀ ਨੇ ਲਿਖਿਆ ਹੈ ਕਿ 25 ਮਾਰਚ 2020 ਨੂੰ ਸ਼ੋਰ ਬਾਜ਼ਾਰ, ਕਾਬੁਲ ਦੇ ਗੁਰਦੁਆਰਾ ’ਤੇ ਦਹਿਸ਼ਤੀ ਹਮਲੇ ਦੌਰਾਨ 25 ਸਿੱਖ ਬੱਚੇ, ਮਰਦ ਤੇ ਔਰਤਾਂ ਤੇ ਇੱਕ ਮੁਲਸਮਾਨ ਸੇਵਾਦਾਰ ਸ਼ਹੀਦ ਹੋਏ ਸਨ। ਉਨ੍ਹਾਂ ਲਿਖਿਆ ਕਿ ਤਤਕਾਲੀ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਾਰੇ 26 ਵਿਅਕਤੀਆਂ ਨੂੰ ਇੱਕ-ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ। ਸਿਰਫ਼ ਸ਼ੰਕਰ ਸਿੰਘ ਤੇ ਜੀਵਨ ਸਿੰਘ ਦੇ ਵਾਰਸਾਂ ਨੂੰ ਹੀ ਮਦਦ ਮਿਲੀ ਹੈ। ਉਨ੍ਹਾਂ ਮੰਗ ਕੀਤੀ ਕਿ ਬਾਕੀ 24 ਪਰਿਵਾਰਾਂ ਨੂੰ ਉਕਤ ਮਦਦ ਦਿੱਤੀ ਜਾਵੇ।