ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਸਤੰਬਰ
ਇੱਥੇ ਅੱਜ ਕਾਫ਼ੀ ਗਿਣਤੀ ਵਿੱਚ ਦਿੱਲੀ ਵਾਸੀ ਕੂੜੇ ਦਾ ਪਹਾੜ ਦੇਖਣ ਲਈ ਗਾਜ਼ੀਪੁਰ ਪਹੁੰਚੇ। ਇਸ ਦੌਰਾਨ ਦਿੱਲੀ ਪੁਲੀਸ ਨੇ ਜ਼ਬਰਦਸਤੀ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕਿਆ। ਇਸ ਤੋਂ ਬਾਅਦ ਆਮ ਲੋਕਾਂ ਨੇ ਵਿਧਾਇਕ ਆਤਿਸ਼ੀ ਦੀ ਅਗਵਾਈ ਹੇਠ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਤਿਸ਼ੀ ਨੇ ਕਿਹਾ ਕਿ ਜਿਸ ਤਰ੍ਹਾਂ ਲੋਕ ਘਰਾਂ ਵਿੱਚੋਂ ਕੂੜਾ ਚੁੱਕਦੇ ਹਨ, ਉਸੇ ਤਰ੍ਹਾਂ ਆਉਣ ਵਾਲੀਆਂ ਐੱਮਸੀਡੀ ਚੋਣਾਂ ਵਿੱਚ ਭਾਜਪਾ ਨੂੰ ਦਿੱਲੀ ਵਿੱਚੋਂ ਬਾਹਰ ਸੁੱਟ ਦਿੱਤਾ ਜਾਵੇਗਾ। ਭਾਜਪਾ ਦੀ ਦਿੱਲੀ ਪੁਲੀਸ ਸੋਚਦੀ ਹੈ ਕਿ ਉਹ ਬੈਰੀਕੇਡ ਲਗਾ ਕੇ ਦਿੱਲੀ ਵਾਸੀਆਂ ਨੂੰ ਕੂੜੇ ਦਾ ਪਹਾੜ ਦੇਖਣ ਤੋਂ ਰੋਕ ਦੇਵੇਗੀ। ਇਹ ਪਹਾੜ 2 ਕਿਲੋਮੀਟਰ ਦੂਰ ਤੋਂ ਦਿਖਾਈ ਦਿੰਦਾ ਹੈ। ਜਦੋਂ ਭਾਰਤੀ ਜਨਤਾ ਪਾਰਟੀ ਦਿੱਲੀ ਨੂੰ ਕੂੜਾ ਕਰਨਾ ਬੰਦ ਕਰੇਗੀ ਤਾਂ ਦਿੱਲੀ ਵਿੱਚ ਕੂੜੇ ਦੇ ਪਹਾੜ ਨਜ਼ਰ ਆਉਣੇ ਬੰਦ ਹੋ ਜਾਣਗੇ। ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਭਾਜਪਾ ਦੇ ਕੂੜਾ ਕਰਾਮਾਤ ਦੇ ਖਿਲਾਫ 14 ਸਤੰਬਰ ਤੋਂ 14 ਅਕਤੂਬਰ ਤੱਕ ਸੂਬਾ ਪੱਧਰੀ ਕੂੜਾ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਹੈ। ਪਹਿਲੇ ਪੜਾਅ ਵਿੱਚ ਤਿੰਨ ਰੋਜ਼ਾ ਮੁਹਿੰਮ ‘ਭਾਜਪਾ ਦਾ ਚਮਤਕਾਰ ਦੇਖੋ, ਕੂੜੇ ਦਾ ਪਹਾੜ ਦੇਖੋ’ ਸ਼ੁਰੂ ਕੀਤੀ ਗਈ। ਇਸ ਤਹਿਤ 14 ਸਤੰਬਰ ਨੂੰ ਦਿੱਲੀ ਦੇ ਲੋਕਾਂ ਨੂੰ ਵਿਧਾਇਕ ਆਤਿਸ਼ੀ ਦੀ ਅਗਵਾਈ ਹੇਠ ਗਾਜ਼ੀਪੁਰ ਲੈਂਡਫਿਲ ਸਾਈਟ ’ਤੇ ਕੂੜੇ ਦਾ ਪਹਾੜ ਦਿਖਾਉਣ ਲਈ ਲਿਜਾਇਆ ਗਿਆ ਪਰ ਗਾਜ਼ੀਪੁਰ ਲੈਂਡਫਿਲ ਸਾਈਟ ’ਤੇ ਪਹੁੰਚਣ ਤੋਂ ਪਹਿਲਾਂ ਹੀ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਤੋਂ ਬਾਅਦ ਲੋਕਾਂ ਨੇ ਵਿਧਾਇਕ ਆਤਿਸ਼ੀ ਦੀ ਅਗਵਾਈ ਵਿੱਚ ਪ੍ਰਦਰਸ਼ਨ ਕੀਤਾ ਗਿਆ। ਹੁਣ 15 ਸਤੰਬਰ ਨੂੰ ਓਖਲਾ ਲੈਂਡਫਿਲ ਸਾਈਟਾਂ ਤੇ 16 ਸਤੰਬਰ ਨੂੰ ਭਲਸਵਾ ਲੈਂਡਫਿਲ ਸਾਈਟਾਂ ਦਿਖਾਈਆਂ ਜਾਣਗੀਆਂ ਤਾਂ ਜੋ ਦਿੱਲੀ ਦੇ ਲੋਕ ਸਮਝ ਸਕਣ ਕਿ ਆਸਪਾਸ ਦੇ ਲੋਕ ਕਿਵੇਂ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉੱਥੇ ਅੱਗ ਲੱਗ ਜਾਂਦੀ ਹੈ ਤਾਂ ਕੀ ਹੁੰਦਾ ਹੈ। ਇਸ ਦੌਰਾਨ ਵਿਧਾਇਕ ਆਤਿਸ਼ੀ ਨੇ ਕਿਹਾ ਕਿ ਜਿਵੇਂ ਹੀ ਕੂੜੇ ਦਾ ਪਹਾੜ ਨਜ਼ਰ ਆਉਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਦਿੱਲੀ ਆ ਗਈ ਹੈ। ਇਹ ਦਿੱਲੀ ਦੇ ਲੋਕਾਂ ਲਈ ਸ਼ਰਮ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਪੁਲੀਸ ਸਾਨੂੰ ਕਿਉਂ ਰੋਕ ਰਹੀ ਹੈ। ਇਹ ਪਹਾੜ 2 ਕਿਲੋਮੀਟਰ ਦੂਰ ਤੋਂ ਦਿਖਾਈ ਦਿੰਦਾ ਹੈ।ਉਨ੍ਹਾਂ ਪੁਲੀਸ ਮੁਲਾਜ਼ਮਾਂ ਨੂੰ ਕਿਹਾ ਕਿ ਜੇ ਤੁਸੀਂ ਨੇੜੇ ਆਉਣ ਤੋਂ ਰੋਕਦੇ ਹੋ, ਤਾਂ ਕੀ ਇਹ ਦਿਖਣਾ ਬੰਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਇੱਥੇ ਖੜ੍ਹੇ ਹਨ, ਤਾਂ ਕੀ ਇੱਥੋਂ ਕੂੜੇ ਦਾ ਪਹਾੜ ਨਜ਼ਰ ਨਹੀਂ ਆ ਰਿਹਾ। ਦਿੱਲੀ ਦੇ ਲੋਕ ਉਸ ਪਹਾੜ ਨੂੰ ਦੇਖਣਾ ਚਾਹੁੰਦੇ ਹਨ ਕਿ ਕਿਵੇਂ 15 ਸਾਲਾਂ ਵਿੱਚ ਭਾਜਪਾ ਨੇ ਐਮਸੀਡੀ ਨੂੰ ਕੂੜਾ ਕਰ ਦਿੱਤਾ ਹੈ।
ਅੱਜ ਲੋਕਾਂ ਨੂੰ ਦਿਖਾਈ ਜਾਵੇਗੀ ਓਪਲਾ ਲੈਂਡਫਿਲ ਸਾਈਟ
ਵਿਧਾਇਕਾ ਆਤਿਸ਼ੀ ਨੇ ਦੱਸਿਆ ਕਿ ਹੁਣ 15 ਸਤੰਬਰ ਨੂੰ ਓਖਲਾ ਲੈਂਡਫਿਲ ਸਾਈਟਾਂ ਤੇ 16 ਸਤੰਬਰ ਨੂੰ ਭਲਸਵਾ ਲੈਂਡਫਿਲ ਸਾਈਟਾਂ ਦਿਖਾਈਆਂ ਜਾਣਗੀਆਂ ਤਾਂ ਜੋ ਦਿੱਲੀ ਦੇ ਲੋਕ ਸਮਝ ਸਕਣ ਕਿ ਆਸਪਾਸ ਦੇ ਲੋਕ ਕਿਵੇਂ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਹਨ ਕਿ ਜਦੋਂ ਉੱਥੇ ਅੱਗ ਲੱਗ ਜਾਂਦੀ ਹੈ ਤਾਂ ਇਨ੍ਹਾਂ ਸਾਈਟਾਂ ਦੇ ਨੇੜੇ ਰਹਿਣ ਵਾਲਿਆਂ ਨਾਲ ਕੀ ਕੁਝ ਵਾਪਰਦਾ ਹੈ।