ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਅਕਤੂਬਰ
ਪੱਛਮੀ ਦਿੱਲੀ ਦੇ ਰਣਹੋਲਾ ਖੇਤਰ ਵਿੱਚ ਇੱਕ 25 ਸਾਲਾ ਵਿਅਕਤੀ ਨੂੰ ਗੁਆਂਢੀ ‘ਤੇ ਗੋਲੀਆਂ ਚਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਆਸ਼ੀਸ਼ ਵਿਕਾਸ ਨਗਰ ਦਾ ਰਹਿਣ ਵਾਲਾ ਹੈ। ਇਸ ਸਬੰਧੀ ਪੁਲੀਸ ਨੇ ਦੱਸਿਆ ਕਿ ਜ਼ਖਮੀ ਸ਼ੇਰ ਸਿੰਘ (42) ਨੂੰ ਆਸ਼ੀਰਵਾਦ ਹਸਪਤਾਲ ਵਿਕਾਸ ਨਗਰ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਹ ਖਤਰੇ ਤੋਂ ਬਾਹਰ ਹੈ। ਪੁਲੀਸ ਨੇ ਦੱਸਿਆ ਕਿ ਆਸ਼ੀਸ਼ ਨੂੰ ਸ਼ੱਕ ਸੀ ਕਿ ਸਿੰਘ ਨੇ ਕਾਲਾ ਜਾਦੂ ਕੀਤਾ ਸੀ ਜਿਸ ਕਾਰਨ ਉਸ ਦੀ ਭੈਣ ਨੇ ਖੁਦਕੁਸ਼ੀ ਕਰ ਲਈ ਅਤੇ ਉਸ ਦੀ ਮਾਂ ਬਿਮਾਰ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਸਪਤਾਲ ਪਹੁੰਚਣ ‘ਤੇ ਉਨ੍ਹਾਂ ਨੇ ਦੇਖਿਆ ਕਿ ਪੀੜਤ ਦੇ ਸਿਰ ‘ਤੇ ਗੋਲੀ ਲੱਗੀ ਸੀ। ਪੀੜਤ ਨੇ ਦੋਸ਼ ਲਾਇਆ ਕਿ ਆਸ਼ੀਸ਼ ਨੇ ਸ਼ਾਮ 7 ਵਜੇ ਦੇ ਕਰੀਬ ਉਸ ‘ਤੇ ਗੋਲੀ ਚਲਾ ਦਿੱਤੀ ਜਦੋਂ ਉਹ ਆਪਣੀ ਦੁਕਾਨ ਦੇ ਸਾਹਮਣੇ ਬੈਠਾ ਸੀ।