ਮਨਧੀਰ ਦਿਓਲ
ਨਵੀਂ ਦਿੱਲੀ, 6 ਅਗਸਤ
ਇਥੇ ਕੇਂਦਰੀ ਮੰਤਰੀ ਜੀ ਕਿਸ਼ਨ ਰੈਡੀ ਨੇ ਅੱਜ ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਾਲੀ ਤਿਰੰਗਾ ਮੋਟਰਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਕੇਸਰੀ ਦਸਤਾਰਾਂ ਸਜਾ ਕੇ 750 ਤੋਂ ਜ਼ਿਆਦਾ ਬਾਈਕ ਸਵਾਰਾਂ ਨੇ ਇਸ ਤਿਰੰਗਾ ਮੋਟਰ ਸਾਈਕਲ ਰੈਲੀ ਵਿਚ ਸ਼ਮੂਲੀਅਤ ਕੀਤੀ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਹਰ ਘਰ ਤਿਰੰਗਾ ਦੇ ਸੱਦੇ ਪ੍ਰਤੀ ਹੁੰਗਾਰੇ ਦੇ ਮੱਦੇਨਜ਼ਰ ਇਹ ਤਿਰੰਗਾ ਮੋਟਰਸਾਈਕਲ ਰੈਲੀ ਕੱਢਣ ਦਾ ਫੈਸਲਾ ਕੀਤਾ। ਇਹ ਮੋਟਰਸਾਈਕਲ ਰੈਲੀ ਤਾਲਕਟੋਰਾ ਸਟੇਡੀਅਮ ਦੇ ਮੁੱਖ ਗੇਟ ਤੋਂ ਸ਼ੁਰੂ ਹੋਈ ਤੇ ਇੰਡੀਆ ਗੇਟ ’ਤੇ ਆ ਕੇ ਸਮਾਪਤ ਹੋਈ। ਦਿੱਲੀ ਤੋਂ ਮੈਂਬਰ ਪਾਰਲੀਮੈਂਟ ਪਰਵੇਸ਼ ਵਰਮਾ, ਦਿੱਲੀ ਕਮੇਟੀ ਦੇ ਮੈਂਬਰਾਂ ਸਮੇਤ ਸਿੱਖਾਂ ਨੇ ਇਸ ਤਿਰੰਗਾ ਮੋਟਰ ਸਾਈਕਲ ਰੈਲੀ ਵਿਚ ਸ਼ਮੂਲੀਅਤ ਕੀਤੀ।
ਸਿਰਸਾ ਨੇ ਦੱਸਿਆ ਕਿ ਇਸ ਤਿਰੰਗਾ ਮੋਟਰ ਸਾਈਕਲ ਰੈਲੀ ਦਾ ਵਿਲੱਖਣ ਪੱਖ ਇਹ ਸੀ ਕਿ ਹਰ ਬਾਈਕ ਸਵਾਰ ਨੇ ਕੇਸਰੀ ਦਸਤਾਰ ਸਜਾਈ ਹੋਈ ਸੀ। ਅਜਿਹਾ ਕਰਨ ਦਾ ਮਕਸਦ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿਚ ਸਿੱਖਾਂ ਦੇ ਯੋਗਦਾਨ ਪ੍ਰਤੀ ਸਨਮਾਨ ਕਰਨਾ ਸੀ। ਉਹਨਾਂ ਕਿਹਾ ਕਿ ਦਿੱਲੀ ਦੀਆਂ ਸੜਕਾਂ ’ਤੇ ਕੇਸਰੀ ਦਸਤਾਰਾਂ ਦਾ ਸਮੁੰਦਰ ਸੀ ਜੋ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੇ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾਉਣ ਲਈ ਇਕੱਤਰ ਹੋਏ ਸਨ। ਉਹਨਾਂ ਕਿਹਾ ਕਿ ਕੇਸਰੀ ਦਸਤਾਰਾਂ ਸਜਾਉਣ ਦਾ ਫ਼ੈਸਲਾ ਇਸ ਕਰ ਕੇ ਕੀਤਾ ਗਿਆ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਕੇਸਰੀ ਰੰਗ ਦਿੱਤਾ ਹੈ। ਉਹਨਾਂ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਦੇਸ਼ ਭਰ ਵਿੱਚ ਸਿੱਖਾਂ ਵੱਲੋਂ ਅਜਿਹੀਆਂ ਹੀ ਮੋਟਰਸਾਈਕਲ ਰੈਲੀਆਂ ਤੇ ਹੋਰ ਪ੍ਰੋਗਰਾਮ ਕਰ ਕੇ ਆਜ਼ਾਦੀ ਦਾ ਮਹਾਉਤਸਵ ਮਨਾਇਆ ਜਾਵੇਗਾ।
ਤਿਹਾੜ ਜੇਲ੍ਹ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾਇਆ
ਨਵੀਂ ਦਿੱਲੀ (ਨਿੱਜੀ ਪੱਤਰ ਪ੍ਰੇਰਕ): ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਮਨੁੱਖਤਾ ਨੂੰ ਸਮਰਪਿਤ ਸਮਾਜ ਸੇਵੀ ਸੰਸਥਾ ਪੰਜਾਬੀ ਪ੍ਰਮੋਸ਼ਨ ਕਾਉਂਸਿਲ ਵੱਲੋਂ ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਹੋਣ ਦੇ ਮੌਕੇ ਤਿਹਾੜ ਜੇਲ੍ਹ ਦੇ ਕੈਦੀਆਂ ਵਿਚਕਾਰ ਅਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾਇਆ ਗਿਆ। ਸੰਸਥਾ ਦੇ ਪ੍ਰਧਾਨ ਜਸਵੰਤ ਸਿੰਘ ਬੋਬੀ ਨੇ ਇਸ ਮੌਕੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ ’ਤੇ ਜਿੱਥੇ ਦੇਸ਼ ਭਰ ਦੀਆਂ ਅਨੇਕਾਂ ਸੰਸਥਾਵਾਂ ਅਤੇ ਸਰਕਾਰਾਂ ਆਪੋ ਆਪਣੇ ਤਰੀਕੇ ਨਾਲ ਆਜ਼ਾਦੀ ਦਾ ਇਹ ਅੰਮ੍ਰਿਤ ਮਹਾਂਉਤਸਵ ਮਨਾ ਰਹੇ ਹਨ ਉਥੇ ਸਾਡੀ ਸੰਸਥਾ ਦੇ ਆਗੂਆਂ ਵਲੋਂ ਲਏ ਫੈਸਲੇ ਅਨੁਸਾਰ ਅਸੀਂ ਵੀ ਅਜ਼ਾਦੀ ਦਾ ਅੰਮ੍ਰਿਤ ਮਹਾਂਉਸਤਵ ਜੇਲ੍ਹ ਦੇ ਕੈਦੀਆਂ ਵਿਚਕਾਰ ਮਨਾ ਰਹੇ ਹਾਂ। ਇਸ ਮੌਕੇ ਸੰਸਥਾ ਵੱਲੋਂ ਤਿਹਾੜ ਦੀ ਜੇਲ੍ਹ ਨੰ. 5 ਵਿੱਚ ਇਕ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਨਾਲ ਹੀ ਜੇਲ੍ਹ ਨੰਬਰ 5 ਵਿੱਚ ਪੰਜਾਬੀ ਪ੍ਰਮੋਸ਼ਨ ਕਾਉਂਸਿਲ ਵੱਲੋਂ ਚਲਾਏ ਜਾ ਰਹੇ ਕੰਪਿਊਟਰ ਸੈਂਟਰ ਨੂੰ ਮੁੜ ਖੋਲ੍ਹਣ ਦਾ ਐਲਾਨ ਵੀ ਕੀਤਾ ਗਿਆ। ਤਿਹਾੜ ਜੇਲ੍ਹ ਦੇ ਕੈਦੀਆਂ ਨੇ ਪ੍ਰਸਿੱਧ ਪੰਜਾਬੀ ਗਾਇਕ ਓਂਕਾਰ ਸਿੰਘ ਓਂਕੀ ਅਤੇ ਮੋਹਿਤ ਖੰਨਾ ਵਲੋਂ ਪੇਸ਼ ਕੀਤੇ ਗੀਤਾਂ ਦਾ ਖੂਬ ਆਨੰਦ ਮਾਣਿਆ। ਇਸ ਮੌਕੇ ਤਿਹਾੜ ਜੇਲ੍ਹ ਨੰਬਰ 5 ਦੇ ਸੁਪਰਡੈਂਟ ਅਸ਼ੋਕ ਰਾਵਤ, ਜੇਲ੍ਹ ਨੰਬਰ 4 ਦੇ ਸੁਪਰਡੈਂਟ ਰਾਜਕੁਮਾਰ, ਜੇਲ੍ਹ ਨੰਬਰ 8 ਅਤੇ 9 ਦੇ ਸੁਪਰਡੈਂਟ ਦਵਿੰਦਰ ਕੁਮਾਰ, ਐਸ.ਪੀ. ਜੇਲ੍ਹ ਨੰਬਰ 10 ਦੇ ਸੁਪਰਡੈਂਟ ਕੁਲਵਿੰਦਰ ਸਿੰਘ, ਤਿਹਾੜ ਜੇਲ੍ਹ ਦੇ ਸਟਾਫ਼ ਜੇਲ੍ਹ ਨੰਬਰ 5 ਦੀ ਡਿਪਟੀ ਸੁਪਰਡੈਂਟ ਸੁਨੀਤਾ ਅਤੇ ਰੰਜਨ ਤੋਂ ਇਲਾਵਾ ਪੰਜਾਬੀ ਪ੍ਰਮੋਸ਼ਨ ਕਾਉਂਸਿਲ ਦੇ ਚੇਅਰਮੈਨ ਐਮ.ਪੀ. ਸਿੰਘ ਅਤੇ ਹਰਸਿਮਰਨ ਸਿੰਘ ਆਦਿ ਪਤਵੰਤੇ ਹਾਜ਼ਰ ਸਨ। ਦੱਸਣਯੋਗ ਹੈ ਕਿ ਪੰਜਾਬੀ ਪ੍ਰਮੋਸ਼ਨ ਕਾਉਂਸਿਲ ਪਿਛਲੇ ਲੰਮੇ ਸਮੇਂ ਤੋਂ ਤਿਹਾੜ ਜੇਲ੍ਹ ਦੇ ਕੈਦੀਆਂ ਲਈ ਕੰਮ ਕਰ ਰਹੀ ਹੈ ਇਸ ਦੇ ਤਹਿਤ ਸਮੇਂ-ਸਮੇਂ ’ਤੇ ਸੰਸਥਾ ਤਿਹਾੜ ਜੇਲ੍ਹ ਵਿੱਚ ਸਾਰੇ ਧਰਮਾਂ ਦੇ ਤਿਉਹਾਰਾਂ ਦੇ ਮੱਦੇਨਜਰ ਕੋਈ ਨਾ ਕੋਈ ਪ੍ਰੋਗਰਾਮ ਆਯੋਜਿਤ ਕਰਦੀ ਰਹਿੰਦੀ ਹੈ, ਰਮਜ਼ਾਨ ਦੇ ਮੌਕੇ ਵੀ ਤਿਹਾੜ ਜੇਲ੍ਹ ਦੇ ਕੈਦੀਆਂ ਲਈ ਰੋਜ਼ਾ ਅਫਤਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਪੰਜਾਬੀ ਪ੍ਰਮੋਸ਼ਨ ਕਾਉਂਸਿਲ ਵੱਲੋਂ ਤਿਹਾੜ ਜੇਲ੍ਹ ਵਿੱਚ ਸਮਾਜ ਸੇਵੀ ਪ੍ਰੋਗਰਾਮਾਂ ਲਈ ਤਿਹਾੜ ਜੇਲ੍ਹ ਦੇ ਸੀਨੀਅਰ ਅਧਿਕਾਰੀ ਜਸਵੰਤ ਸਿੰਘ ਬੌਬੀ ਨੂੰ ਸਨਮਾਨਿਤ ਵੀ ਕਰ ਚੁੱਕੇ ਹਨ।