ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਨਵੰਬਰ
ਟਿਕਰੀ ਹੱਦ ’ਤੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਪਟਿਆਲਾ ਜ਼ਿਲ੍ਹਾ ਆਗੂ ਗੁਰਪ੍ਰੀਤ ਕੌਰ ਬਰਾਸ ਨੇ ਸਾਲ ਤੋਂ ਵੀ ਵੱਧ ਸਮੇਂ ਤੋਂ ਕਿਸਾਨ ਮੋਰਚੇ ਵਿੱਚ ਪੂਰੇ ਸਿਦਕ ਤੇ ਸਿਰੜ ਨਾਲ ਡਟੇ ਹੋਏ ਜੁਝਾਰੂ ਲੋਕਾਂ ਵੱਲੋਂ ਭਾਜਪਾ ਹਕੂਮਤ ਦੀ ਅੜੀ ਭੰਨ ਕੇ ਖੇਤੀ ਕਾਨੂੰਨ ਰੱਦ ਕਰਨ ਦਾ ਮਤਾ ਪਾਰਲੀਮੈਂਟ ਦੇ ਦੋਵਾਂ ਸਦਨਾਂ ’ਚੋਂ ਪਾਸ ਕਰਵਾਉਣ ਨੂੰ ਜਥੇਬੰਦ ਲੋਕ ਤਾਕਤ ਦੀ ਸ਼ਾਨਦਾਰ ਜਿੱਤ ਕਰਾਰ ਦਿੱਤਾ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਸਰਕਾਰੀ ਹੁੰਗਾਰੇ ਨੂੰ ਧਿਆਨ ਵਿੱਚ ਰੱਖਦਿਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੀ ਜਾਣ ਵਾਲੀ ਚਾਰ ਦਸੰਬਰ ਦੀ ਮੀਟਿੰਗ ਵਿੱਚ ਅਗਲੇ ਐਕਸ਼ਨ ਬਾਰੇ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤਕ ਬਾਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਕਿਸਾਨਾਂ ਨੇ ਨਾਅਰੇ ਲਾਉਂਦਿਆਂ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ ਅਤੇ ਬਾਕੀ ਮੰਗਾਂ ਮੰਨੀਆਂ ਜਾਣ ਤਕ ਡਟੇ ਰਹਿਣ ਦਾ ਅਹਿਦ ਲਿਆ।
ਇਸ ਮੌਕੇ ਮੇਘ ਰਾਜ ਰੱਲਾ ਦੇ ਨਿਰਦੇਸ਼ਨ ਹੇਠ ਕੋਰੀਓਗ੍ਰਾਫੀ ‘ਜੁਗਨੀ’ ਪੇਸ਼ ਕੀਤੀ ਗਈ ਅਤੇ ਕੇਰਲਾ ਤੋਂ ਕੇ ਸਹਿਦੇਵਨ ਦੀ ਅਗਵਾਈ ਹੇਠ ਪਹੁੰਚੇ ਟ੍ਰਾਂਜ਼ੀਸ਼ਨ ਸਟੱਡੀਜ਼ ਥ੍ਰਿਸੂਰ ਦੇ ਹਮਾਇਤੀ ਜਥੇ ਵੱਲੋਂ ਕਿਸਾਨ ਘੋਲ ਦੀ ਜਿੱਤ ਦਾ ਸਮੂਹਿਕ ਗੀਤ ਗਾਇਆ ਗਿਆ।
ਮੋਰਚੇ ’ਚ ਸਹਿਯੋਗ ਕਰਨ ਵਾਲਿਆਂ ਦਾ ਸਨਮਾਨ
ਨਵੀਂ ਦਿੱਲੀ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸਿੰਘੂ ਬਾਰਡਰ ਵਾਲੇ ਹਿੱਸੇ ਵਿੱਚ ਅੰਦੋਲਨਕਾਰੀ ਕਿਸਾਨਾਂ ਲਈ ਵੱਖ-ਵੱਖ ਸਹੂਲਤਾਂ ਦੇਣ ਵਾਲੀਆਂ ਸੰਸਥਾਵਾਂ, ਅਦਾਰਿਆਂ, ਸਮਾਜਕ ਆਗੂਆਂ ਤੇ ਕਾਰਕੁਨਾਂ ਦਾ ਅੱਜ ਇੱਥੇ ਕਿਸਾਨ ਆਗੂਆਂ ਵੱਲੋਂ ਸਵਾਗਤ ਕੀਤਾ ਗਿਆ। ਸਾਲ ਭਰ ਚੱਲੇ ਇਸ ਅੰਦੋਲਨ ਦੌਰਾਨ ਜਦੋਂ ਵੀ ਕੋਈ ਕਿਸਾਨਾਂ ’ਤੇ ਕੋਈ ਭੀੜ ਪਈ ਤਾਂ ਇਸ ਅੰਦੋਲਨ ਦੀ ਬਾਂਹ ਫੜਨ ਵਾਲਿਆਂ ਦੀਆਂ ਕਤਾਰਾਂ ਲੱਗ ਗਈਆਂ। ਕਈ ਸੰਸਥਾਵਾਂ ਤੇ ਸਮਾਜਕ ਕਾਰਕੁਨਾਂ ਨੇ ਹਜ਼ਾਰਾਂ ਕਿਸਾਨਾਂ ਲਈ ਰੋਜ਼ਾਨਾ ਲੰਗਰ ਦੀ ਸੇਵਾ ਕੀਤੀ। ਭਾਂਤ-ਭਾਂਤ ਦੇ ਪਕਵਾਨ ਕਿਸਾਨ ਮੋਰਚੇ ਵਿੱਚ ਵੰਡੇ ਜਾਂਦੇ ਰਹੇ। ਇਨ੍ਹਾਂ ਕਿਸਾਨਾਂ ਨੇ ਹਰ ਮੌਸਮ ਆਪਣੇ ਪਿੰਡਿਆਂ ’ਤੇ ਹੰਢਾਇਆ। ਹਾਲਾਤ ਮੁਤਾਬਕ ਸਮਾਜਸੇਵੀਆਂ ਨੇ ਹਰ ਸੰਭਵ ਮਦਦ ਕੀਤੀ। ਅਜਿਹੇ ਸੱਜਣਾਂ ਦਾ ਸਵਾਗਤ ਕਰਦੇ ਹੋਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਸ ਅੰਦੋਲਨ ਦੌਰਾਨ ਜਿੱਥੇ ਪਰਵਾਸੀ ਭਾਰਤੀਆਂ/ਪੰਜਾਬੀਆਂ ਦੀ ਅਹਿਮ ਭੂਮਿਕਾ ਰਹੀ, ਉੱਥੇ ਹੀ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਮੋਰਚਿਆਂ ਲਈ ਮਦਦ ਲੈ ਕੇ ਆਈਆਂ ਸੰਸਥਾਵਾਂ, ਸੁਸਾਇਟੀਆਂ ਦੀ ਭੂਮਿਕਾ ਵੀ ਅਹਿਮ ਰਹੀ। ਸਿੰਘੂ ਸਟੇਜ ਤੋਂ ਇਨ੍ਹਾਂ ਸਮਾਜਸੇਵੀਆਂ ਦਾ ਸਨਮਾਨ ਕੀਤਾ ਗਿਆ। ਸ਼ਿਵ ਕੁਮਾਰ ‘ਕੱਕਾਜੀ’ ਨੇ ਮੋਰਚੇ ਦੀ ਮਦਦ ਕਰਨ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਂਝੇ ਸਹਿਯੋਗ ਨਾਲ ਹੀ ਮੋਰਚੇ ਨੇ ਵੱਡੀ ਜਿੱਤ ਹਾਸਲ ਕੀਤੀ ਹੈ।