ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਮਈ
ਦਿੱਲੀ ਦਾ ਘੱਟੋ-ਘੱਟ ਤਾਪਮਾਨ 29 ਡਿਗਰੀ ਸੈਲਸੀਅਸ ’ਤੇ ਆ ਗਿਆ ਹੈ ਕਿਉਂਕਿ ਬੀਤੀ ਰਾਤ ਮੀਂਹ ਅਤੇ ਤੂਫਾਨ ਆਉਣ ਤੋਂ ਬਾਅਦ ਸਵੇਰੇ ਬੱਦਲਵਾਈ ਰਹੀ। ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਫਦਰਜੰਗ ਮੌਸਮ ਸਟੇਸ਼ਨ ’ਤੇ ਘੱਟੋ-ਘੱਟ ਤਾਪਮਾਨ 29.8 ਡਿਗਰੀ ਸੈਲਸੀਅਸ ਸੀ, ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਸੀ। ‘ਸਕਾਈਮੇਟ’ ਨੇ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਦਿੱਲੀ ਤੇ ਕੌਮੀ ਰਾਜਧਾਨੀ ਖੇਤਰ ਵਿੱਚ ਐਤਵਾਰ ਤੱਕ ਮਾਨਸੂਨ ਤੋਂ ਪਹਿਲਾਂ ਦੀ ਬਾਰਿਸ਼ ਥੋੜ੍ਹੀ ਤੇਜ਼ ਹੋਣ ਦੀ ਸੰਭਾਵਨਾ ਹੈ ਅਤੇ ਮੰਗਲਵਾਰ ਤੱਕ ਜਾਰੀ ਰਹੇਗੀ, ਜਿਸ ਨਾਲ ਦਿੱਲੀ-ਐੱਨਸੀਆਰ ਵਿੱਚ ਤਾਪਮਾਨ ਵਿੱਚ ਗਿਰਾਵਟ ਆਵੇਗੀ। ਮੌਸਮ ਮਾਹਿਰਾਂ ਅਨੁਸਾਰ ਫਰੀਦਾਬਾਦ, ਗੁਰੂਗ੍ਰਾਮ ਤੇ ਮਾਨੇਸਰ ਸਮੇਤ ਦੱਖਣ ਤੇ ਦੱਖਣ-ਪੂਰਬੀ ਦਿੱਲੀ ਤੇ ਐਨਸੀਆਰ ਦੇ ਕੁਝ ਹਿੱਸਿਆਂ ਵਿੱਚ ਤੇਜ਼ ਹਵਾਵਾਂ, ਤੇ ਹਲਕੀ ਬਾਰਿਸ਼ ਹੋਈ। ਦਿੱਲੀ-ਐੱਨਸੀਆਰ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਵਾ ਦੀ ਰਫ਼ਤਾਰ 30-40 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੇ ਮਾਹਿਰਾਂ ਨੇ ਸੋਮਵਾਰ ਤੇ ਮੰਗਲਵਾਰ ਲਈ ‘ਯੈਲੋ ਅਲਰਟ’ ਵੀ ਜਾਰੀ ਕੀਤਾ ਹੈ। ਅਗਲੇ ਦੋ-ਤਿੰਨ ਦਿਨਾਂ ਵਿੱਚ ਪਾਰਾ ਕੰਟਰੋਲ ਵਿੱਚ ਤੇ ਅੰਸ਼ਕ ਤੌਰ ’ਤੇ ਬੱਦਲਵਾਈ ਤੇ ਬੂੰਦਾ-ਬਾਂਦੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਸਫਦਰਜੰਗ ਮੌਸਮ ਸਟੇਸ਼ਨ ’ਤੇ ਪਿਛਲੇ 24 ਘੰਟਿਆਂ ਦੌਰਾਨ 0.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜਦਕਿ ਪਾਲਮ ਸਟੇਸ਼ਨ ’ਤੇ 2.4 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਆਯਾ ਨਗਰ ਸਥਿਤ ਆਬਜ਼ਰਵੇਟਰੀ ਵਿੱਚ 3.3 ਮਿਲੀਮੀਟਰ ਅਤੇ ਲੋਧੀ ਰੋਡ ਸਥਿਤ ਇੱਕ ਆਬਜ਼ਰਵੇਟਰੀ ਵਿੱਚ 1.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ 266 ’ਤੇ ‘ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ।