ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਅਪਰੈਲ
ਬੀਤੇ ਸਾਲ 3 ਦਸੰਬਰ 2020 ਨੂੰ ਸਿੰਘੂ ਬਾਰਡਰ ਉਪਰ ਕੜਾਕੇ ਦੀ ਠੰਢ ਦੌਰਾਨ ਬਿਮਾਰ ਹੋਣ ਮਗਰੋਂ ਪੰਜਾਬ ਵਿੱਚ ਇਲਾਜ ਦੌਰਾਨ ਸ਼ਹੀਦ ਹੋਏ ਕਿਸਾਨ ਸੁਰਜੀਤ ਸਿੰਘ (38 ਸਾਲ) ਦੇ ਨਾਬਾਲਗ ਪੁੱਤਰ ਅਕਾਸ਼ਦੀਪ ਸਿੰਘ ਚੀਮਾ ਨੇ ਵੀ ਹੁਣ ਸਿੰਘੂ ਬਾਰਡਰ ਉਪਰ ਬੀਤੇ ਦਿਨਾਂ ਤੋਂ ਡੇਰੇ ਲਾ ਰੱਖੇ ਹਨ। 16 ਸਾਲਾਂ ਦਾ ਅਕਾਸ਼ਦੀਪ ਤਰਨ ਤਾਰਨ ਦਾ ਰਹਿਣ ਵਾਲਾ ਹੈ ਤੇ 11ਵੀਂ ਦਾ ਵਿਦਿਆਰਥੀ ਹੈ। ਉਸ ਨੇ ਪਿਤਾ ਦਾ ਸਾਇਆ ਵੀ ਉੱਤੋਂ ਉੱਠ ਜਾਣ ਦੇ ਬਾਵਜੂਦ ਮੋਰਚੇ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ। ਉਸ ਦੀ ਦਾਦੀ ਵੀ ਆਪਣੇ ਪੁੱਤਰ ਦੀ ਮੌਤ ਮਗਰੋਂ ਪੋਤੇ ਨਾਲ ਸੰਘਰਸ਼ ਵਿੱਚ ਹਿੱਸਾ ਲੈ ਚੁੱਕੀ ਹੈ। ਉਹ ਆਪਣੇ ਇਲਾਕੇ ਦੇ ਸਾਥੀਆਂ ਨਾਲ ਸਿੰਘੂ ਵਿੱਚ ਹੀ ਰੁਕਿਆ ਹੋਇਆ ਹੈ ਤੇ ਉਸ ਦਾ ਸਾਰਾ ਦਿਨ ਕਿਸਾਨ ਆਗੂਆਂ ਦੀਆਂ ਤਕਰੀਰਾਂ ਸੁਣਨ, ਲੰਗਰ ਦੀ ਸੇਵਾ ਕਰਨ ਤੇ ਇੱਥੇ ਹੀ ਪੜ੍ਹਨ ਵਿੱਚ ਲੰਘਦਾ ਹੈ। ਕਿਸਾਨ ਅਕਾਸ਼ਦੀਪ ਦੇ ਜਜ਼ਬੇ ਤੋਂ ਬਹੁਤ ਪ੍ਰਭਾਵਿਤ ਹੋ ਰਹੇ ਹਨ।